ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਸੁਨਾਮ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਿੰਡ ਸਤੌਜ ਤੋਂ ਕੁੱਝ ਦੂਰੀ 'ਤੇ ਸਥਿਤ ਪਿੰਡ ਤੋਲਾਵਾਲ ਵਿਖੇ 6 ਮਜ਼ਦੂਰਾਂ ਦੇ ਘਰਾਂ 'ਤੇ ਮੀਂਹ ਨੇ ਭਾਰੀ ਤਬਾਹੀ ਮਚਾ ਦਿੱਤੀ। ਮੰਗਲਵਾਰ ਸਵੇਰੇ ਤੋਲਾਵਾਲ ਦੇ ਵਸਨੀਕ ਹਰਦੀਪ ਸਿੰਘ, ਕਰਮਜੀਤ ਸਿੰਘ, ਨਿੱਕਾ ਸਿੰਘ, ਸਤਿਗੁਰ ਸਿੰਘ, ਧੀਰਾ ਸਿੰਘ ਅਤੇ ਬਿੰਦਰ ਸਿੰਘ ਦੇ ਮਜ਼ਦੂਰ ਪਰਿਵਾਰਾਂ 'ਤੇ ਪਿਛਲੇ ਦੋ ਦਿਨਾਂ ਪੈ ਰਿਹਾ ਮੀਂਹ ਆਫ਼ਤ ਬਣਕੇ ਆਇਆ। ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਏ ਇਨ੍ਹਾਂ ਸਾਰੇ ਮਜ਼ਦੂਰਾਂ ਦੇ ਘਰ ਇਕੱਠੇ ਬਣੇ ਹੋਏ ਸਨ ਅਤੇ ਘਰਾਂ ਦੇ ਪਿੱਛੇ ਖੇਤ ਹਨ। ਲਗਾਤਾਰ ਮੀਂਹ ਕਾਰਨ ਖੇਤ ਪਾਣੀ ਨਾਲ ਭਰ ਗਏ ਅਤੇ ਪਾਣੀ ਘਰਾਂ ਦੀਆਂ ਨੀਂਹਾਂ ਵਿੱਚ ਚਲਾ ਗਿਆ।
ਰਾਤ ਨੂੰ ਉਨ੍ਹਾਂ ਨੂੰ ਕੁਝ ਖ਼ਤਰਾ ਮਹਿਸੂਸ ਹੋਇਆ, ਜਿਸ ਕਾਰਨ ਸਾਰੇ ਪਰਿਵਾਰ ਸੁਚੇਤ ਹੋ ਗਏ। ਜਿਉਂ ਹੀ ਉਹ ਆਪਣੇ ਘਰਾਂ ਤੋਂ ਬਾਹਰ ਆਏ, ਇਨ੍ਹਾਂ ਮਜ਼ਦੂਰਾਂ ਦੇ ਘਰ ਢਹਿ ਢੇਰੀ ਹੋ ਗਏ। ਆਪਣੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਤਬਾਹ ਹੁੰਦਾ ਦੇਖ ਕੇ ਮਜ਼ਦੂਰਾਂ ਦੇ ਪਰਿਵਾਰਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਪੱਖੇ, ਕੂਲਰ, ਫਰਨੀਚਰ, ਫਰਿੱਜ, ਟੀਵੀ ਅਤੇ ਹੋਰ ਸਮਾਨ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਪਿੰਡ ਤੋਲਾਵਾਲ ਦੇ ਸਰਪੰਚ ਗੁਰਦੀਪ ਸਿੰਘ ਅਤੇ ਸਾਬਕਾ ਸਰਪੰਚ ਨਿਰਮਲ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਮਜ਼ਦੂਰ ਪਰਿਵਾਰਾਂ ਦਾ ਮੁੜ ਵਸੇਬਾ ਹੋ ਸਕੇ।