ਇਹਨਾਂ ਥਾਵਾਂ ਤੋਂ ਪੈਦਲ ਲੰਘਣਾ ਤਾਂ ਦੂਰ ਦੋ ਪਈਆਂ ਵਾਹਨਾਂ ਦਾ ਵੀ ਲੰਘਣਾ ਹੋਇਆ ਤਕਰੀਬਨ ਬੰਦ
ਮਾਰਕੀਟ ਕਮੇਟੀ ਦੇ ਦਫ਼ਤਰ ਵਿਚ ਵੀ ਕਈ ਫੁੱਟ ਬਰਸਾਤ ਦਾ ਪਾਣੀ ਖੜ੍ਹਾ
ਖਨੌਰੀ : ਐਤਵਾਰ ਸ਼ਾਮ ਤੋਂ ਹੀ ਪੈ ਰਹੀ ਲਗਾਤਾਰ ਬਰਸਾਤ ਨੇ ਖਨੌਰੀ ਸ਼ਹਿਰ ਵਿੱਚ ਜਲ ਥਲ ਕਰਕੇ ਰੱਖ ਦਿੱਤਾ ਹੈ ਤੇ ਲਗਾਤਾਰ ਪੈ ਰਹੀ ਬਰਸਾਤ ਤੇ ਸਹਿਰ ਦੇ ਹਰ ਪਾਸੇ ਪਾਣੀ ਭਰੇ ਹੋਣ ਕਾਰਨ ਤੇ ਜਿੱਥੇ ਲੋਕੀ ਘਰਾਂ ਵਿੱਚ ਹੀ ਬੈਠੇ ਰਹਿਣ ਨੂੰ ਮਜਬੂਰ ਹਨ ਉਥੇ ਸਾਰਾ ਜਨ ਜੀਵਨ ਅਸਤ ਵਿਅਸਤ ਹੋ ਕੇ ਰਹਿ ਗਿਆ ਹੈ। ਜਿਕਰ ਯੋਗ ਹੈ ਕਿ ਐਤਵਾਰ ਸ਼ਾਮ ਤੋਂ ਹੀ ਲਗਾਤਾਰ ਭਾਰੀ ਬਰਸਾਤ ਹੋ ਰਹੀ ਸੀ ਜੋ ਸਵੇਰੇ ਤੱਕ ਜਾਰੀ ਰਹੀ ਤੇ ਇਸ ਤੋਂ ਬਾਅਦ ਸਵੇਰ ਤੋਂ ਲੈ ਕੇ ਖਬਰ ਲਿਖੇ ਜਾਣ ਵੇਲੇ ਤੱਕ ਕਦੀ ਤੇਜ਼ ਤੇ ਕਦੀ ਰੁਕ ਰੁਕ ਕੇ ਬਰਸਾਤ ਹੁੰਦੀ ਰਹੀ ਇਸ ਹੋਈ ਬਰਸਾਤ ਨਾਲ ਅਨਾਜ ਮੰਡੀ, ਮੰਡਵੀ ਰੋਡ ਅਤੇ ਟਰੱਕ ਮਾਰਕੀਟ ਨੇ ਝੀਲ ਦਾ ਰੂਪ ਧਾਰਨ ਕਰ ਲਿਆ ਅਤੇ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੀ ਪਿਛਲੀ ਰੋਡ, ਮੰਡਵੀ ਰੋਡ, ਬੱਸ ਸਟੈਂਡ ਵਾਲੇ ਕੱਟ ਤੋਂ ਮੰਡਵੀ ਨੂੰ ਜਾਣ ਵਾਲੇ ਰੋਡ, ਤਹਿਸੀਲ ਰੋਡ, ਸਿਟੀ ਚੌਕ, ਸਬਜ਼ੀ ਮੰਡੀ, ਮਾਰਕੀਟ ਕਮੇਟੀ ਵਾਲੀ ਸੜਕ ਆਦਿ ਤੇ ਭਾਰੀ ਪਾਣੀ ਖੜ ਜਾਣ ਨਾਲ ਪੈਦਲ ਲੰਘਣਾ ਵੀ ਔਖਾ ਹੋ ਗਿਆ ਹੈ। ਮਾਰਕੀਟ ਕਮੇਟੀ ਦੇ ਦਫ਼ਤਰ ਵਿਚ ਵੀ ਕਈ ਫੁੱਟ ਪਾਣੀ ਖੜ੍ਹਾ ਹੋਇਆ ਹੈ। ਜਿਨਾਂ ਦੋ ਪਈਆਂ ਵਾਹਨਾਂ ਵਾਲਿਆਂ ਨੇ ਖਨੌਰੀ ਸ਼ਹਿਰ ਤੋਂ ਪਾਤੜਾਂ ਵੱਲ ਨੂੰ ਜਾਣਾ ਸੀ ਉਹਨਾਂ ਨੂੰ ਬਹੁਤ ਹੀ ਮੁਸ਼ਕਿਲ ਆਈ ਕਿਉਂ ਕਿ ਟਰੱਕ ਮਾਰਕੀਟ ਵਿੱਚ ਭਾਰੀ ਪਾਣੀ ਖੜਾ ਹੋਣ ਕਰਕੇ ਉਨਾਂ ਨੂੰ ਗਲੀਆਂ ਵਿੱਚੋਂ ਦੀ ਹੁੰਦੇ ਹੋਏ ਗਊਸ਼ਾਲਾ ਦੇ ਰਸਤੇ ਤੋਂ ਹੁੰਦੇ ਹੋਏ ਭਾਖੜਾ ਨਹਿਰ ਚੜ ਕੇ ਪਾਤੜਾਂ ਵੱਲ ਨੂੰ ਜਾਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਮੇਨ ਹਾਈਵੇਅ ਦੇ ਬਣੇ ਨਿਕਾਸੀ ਨਾਲਿਆਂ ਦੀ ਸਫਾਈ ਵੀ ਕਾਫੀ ਸਮੇਂ ਤੋਂ ਨਹੀਂ ਹੋਈ ਤੇ ਦੂਜਾ ਅਨਾਜ ਮੰਡੀ ਵਿੱਚ ਬਰਸਾਤੀ ਪਾਣੀ ਦੇ ਨਿਕਾਸੀ ਲਈ ਸੀਵਰੇਜ ਵੀ ਤਕਰੀਬਨ ਕੰਮ ਨਹੀਂ ਕਰ ਰਿਹਾ।