ਸੁਨਾਮ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡਾਂ ਚੱਠਾ ਸੇਖਵਾਂ ਅਤੇ ਉੱਪਲੀ ਵਿਖੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਸੋਮਵਾਰ ਨੂੰ ਪਿੰਡ ਉੱਪਲੀ ਵਿੱਚ ਆਂਗਣਵਾੜੀ ਸੈਂਟਰ ਦਾ ਉਦਘਾਟਨ ਅਤੇ ਪਿੰਡ ਚੱਠੇ ਸੇਖਵਾਂ ਵਿੱਚ ਪੰਚਾਇਤ ਘਰ ਦਾ ਉਦਘਾਟਨ ਕੀਤਾ। ਵਿਕਾਸ ਕਾਰਜਾਂ ਦਾ ਉਦਘਾਟਨ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ, ਸਿੱਖਿਆ ਦੇ ਨਾਲ ਨਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ਉਤੇ ਕੰਮ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਤਰਜੀਹੀ ਤੌਰ ਉੱਤੇ ਸਰਬਪੱਖੀ ਵਿਕਾਸ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਦੀ ਮੰਗ ਅਤੇ ਪਹਿਲ ਦੇ ਆਧਾਰ ਉੱਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਅਗਲੇ ਇੱਕ ਸਾਲ ਵਿੱਚ ਇਲਾਕੇ ਦਾ ਕੋਈ ਵੀ ਕੰਮ ਬਕਾਇਆ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਚੰਗਾ ਬੁਨਿਆਦੀ ਢਾਂਚਾ ਮਿਲਣ ਨਾਲ ਸਮੁੱਚੇ ਹਲਕਾ ਸੁਨਾਮ ਵਿੱਚ ਵਿਕਾਸ ਦੀ ਗਤੀ ਹੋਰ ਤੇਜ਼ ਹੋਵੇਗੀ।