ਬਿਨਾਂ ਰਜਿਸਟ੍ਰੇਸ਼ਨ ਤੋਂ ਈ-ਰਿਕਸ਼ੇ ਨਹੀਂ ਚੱਲਣ ਦਿੱਤੇ ਜਾਣਗੇ : ਟ੍ਰੈਫਿਕ ਇੰਚਾਰਜ ਲੱਡੀ
ਮਲੇਰਕੋਟਲਾ : ਮਾਲੇਰਕੋਟਲਾ ਸ਼ਹਿਰ ਅੰਦਰ ਈ-ਰਿਕਸ਼ਿਆਂ ਦੀ ਵੱਡੀ ਪੱਧਰ 'ਤੇ ਭਰਮਾਰ ਹੈ, ਜੋ ਕਿ ਬਿਨਾਂ ਨੰਬਰ ਪਲੇਟਾਂ 'ਤੇ ਬਿਨਾਂ ਕਾਗਜ਼ ਪੱਤਰਾਂ ਦੇ ਚੱਲ ਰਹੇ ਹਨ. ਜਿਸ ਕਾਰਨ ਜਿਥੇ ਸ਼ਹਿਰ 'ਚ ਟ੍ਰੈਫਿਕ ਸਮੱਸਿਆ ਵੱਧ ਰਹੀ ਹੈ, ਜ਼ਿਆਦਾਤਰ ਨਾਬਾਲਗ ਬੱਚੇ ਤੇ ਅਣਟਰੇਡ
ਲੋਕ ਜਿਨ੍ਹਾਂ ਨੂੰ ਵਾਹਨ ਚਲਾਉਣ ਦਾ ਕੋਈ ਤਜ਼ਰਬਾ ਆਦਿ ਨਹੀਂ ਉਹ ਚਲਾ ਕੇ ਸ਼ਰੇਆਮ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ, ਜਿਸ ਕਾਰਨ ਸੜਕੀ ਹਾਦਸੇ ਵੱਧ ਰਹੇ ਹਨ ਤੇ ਅਕਸਰ ਹੀ ਲੋਕਾਂ ਅਤੇ ਈ-ਰਿਕਸ਼ੇ ਚਾਲਕਾਂ 'ਚ ਲੜਾਈ ਝਗੜੇ ਹੁੰਦੇ ਦੇਖੇ ਜਾ ਸਕਦੇ ਹਨ। ਜਦਕਿ ਚੌਕਾਂ 'ਚ ਖੜ੍ਹੀ ਟ੍ਰੈਫਿਕ ਪੁਲਸ ਸਿਆਸੀ ਲੋਕਾਂ ਦੇ ਦਬਾਅ ਕਾਰਨ ਚਾਹੁੰਦੇ ਹੋਏ ਵੀ ਇਨ੍ਹਾਂ ਈ-ਰਿਕਸ਼ਾ ਚਾਲਕਾਂ ਦੇ ਚਲਾਨ ਕੱਟਣ ਤੋਂ ਬੱਚਦੀ ਹੈ।ਇਸ ਤੋਂ ਇਲਾਵਾ ਇਹ ਵੀ ਦੇਖਣ 'ਚ ਆਇਆ ਕਿ ਬਹੁਤੇ ਈ-ਰਿਕਸ਼ਾ ਚਾਲਕ ਆਪਣੀ ਮਨਮਰਜ਼ੀ ਨਾਲ ਰਸਤੇ 'ਚ ਜਿਥੇ ਮਰਜ਼ੀ ਆਟੋ ਖੜ੍ਹੇ ਕਰ ਕੇ ਸਵਾਰੀਆਂ ਉਡੀਕਦੇ ਹਨ ਅਤੇ ਮਰਜ਼ੀ ਨਾਲ ਸੜਕ ਉੱਪਰ ਜਿੱਧਰ ਮਰਜ਼ੀ ਮੋੜ ਲੈਂਦੇ ਹਨ। ਜਿਸ ਕਾਰਨ ਟ੍ਰੈਫਿਕ 'ਚ ਵਿਘਨ ਪੈਣ ਨਾਲ ਲੋਕਾਂ ਨੂੰ ਮੁਸ਼ਕਿਲਾਂ ਆਉਂਦੀਆਂ ਹਨ। ਜਿਆਦਾਤਰ ਇਹ ਚਾਲਕ ਈ-ਰਿਕਸ਼ੇ ਕਿਰਾਏ 'ਤੇ ਲੈ ਕੇ ਚਲਾ ਰਹੇ ਹਨ ਅਤੇ ਬਿਨਾਂ ਕਿਸੇ ਜਾਂਚ ਪੜਤਾਲ ਦੇ ਈ-ਰਿਕਸ਼ਾ ਮਾਲਕ ਲੋਕਾਂ ਨੂੰ ਕਿਰਾਏ ਦੇ ਲਾਲਚ 'ਚ ਇਹ ਈ-ਰਿਕਸ਼ਾ ਦੇ ਦਿੰਦੇ ਹਨ।
ਬਿਨਾਂ ਨੰਬਰ ਪਲੇਟਾਂ ਵਾਲੇ ਈ-ਰਿਕਸ਼ਿਆਂ ਨੂੰ ਕੀਤਾ ਜਾਵੇ ਜ਼ਬਤ:- ਗੁਲਸ਼ਨ ਕੁਮਾਰ
ਇਲਾਕੇ ਦੇ ਸਮਾਜਸੇਵਕ ਅਤੇ ਵਾਰਡ ਨੰਬਰ-19 ਬੀਜੇਪੀ ਦੇ ਸੰਭਾਵੀ ਉਮੀਦਵਾਰ ਗੁਲਸ਼ਨ ਕੁਮਾਰ ਨੇ ਜ਼ਿਲਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਸ਼ਹਿਰ 'ਚ ਚੱਲ ਰਹੇ ਬਿਨਾਂ ਨੰਬਰ ਪਲੇਟਾਂ ਦੇ ਈ-ਰਿਕਸਿਆਂ ਨੂੰ ਜ਼ਬਤ ਕੀਤਾ ਜਾਵੇ। ਅਤੇ ਜਿਹੜੇ ਅਣਟਰੇਡ ਲੋਕ ਜਾਂ ਨਾਬਾਲਗ ਬੱਚੇ ਇਨ੍ਹਾਂ ਈ-ਰਿਕਸ਼ਿਆਂ ਨੂੰ ਚਲਾ ਰਹੇ ਹੁੰਦੇ ਹਨ, ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੋਂ ਰੋਕਿਆ ਜਾਵੇ ਤਾਂ ਜੋ ਸੜਕਾਂ 'ਤੇ ਹੁੰਦੇ ਹਾਦਸਿਆਂ 'ਚ ਕਮੀ ਆ ਸਕੇ ਅਤੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ ।
ਈ-ਰਿਕਸ਼ਾ ਚਲਾ ਰਹੇ ਵਿਅਕਤੀ ਕੋਲ ਨਹੀਂ ਹੁੰਦੈ ਡਰਾਈਵਿੰਗ ਲਾਇਸੈਂਸ:- ਕਾ: ਅਬਦੁਲ ਸਤਾਰ
ਇਸ ਸਬੰਧੀ ਗੱਲਬਾਤ ਕਰਦਿਆਂ ਕਾ: ਅਬਦੁਲ ਸਤਾਰ ਨੇ ਕਿਹਾ ਕਿ ਦੇਖਣ 'ਚ ਆਇਆ ਹੈ ਕਿ ਸ਼ਹਿਰ 'ਚ ਚੱਲਣ ਵਾਲੇ ਜ਼ਿਆਦਾਤਰ ਈ-ਰਿਕਸ਼ਿਆਂ ਦੇ ਜਿਥੇ ਅੱਗੇ ਜਾਂ ਪਿੱਛੇ ਕੋਈ ਨੰਬਰ ਨਹੀਂ ਲੱਗਾ ਹੁੰਦਾ, ਉਥੇ ਇਸ ਨੂੰ ਚਲਾ ਰਹੇ ਵਿਅਕਤੀ ਕੋਲ ਕੋਈ ਵੀ ਡਰਾਈਵਿੰਗ ਲਾਇਸੈਸ ਵਗੈਰਾ ਵੀ ਨਹੀਂ ਹੁੰਦਾ। ਅਜਿਹੇ ਚਾਲਕਾਂ ਕਾਰਨ ਹੀ ਸੜਕਾਂ 'ਤੇ ਹਾਦਸੇ ਵੱਧ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਕੋਈ ਜਾਣਕਾਰੀ ਨਹੀਂ ਹੁੰਦੀ, ਜੋ ਕਿ ਰਸਤੇ 'ਚ ਜਾ ਰਹੀ ਸਵਾਰੀ ਨੂੰ ਦੇਖਦਿਆਂ ਹੀ ਈ-ਰਿਕਸ਼ਾ ਦੀਆਂ ਰਸਤੇ 'ਚ ਹੀ ਬਰੇਕਾਂ ਮਾਰ ਦਿੰਦੇ ਹਨ, ਜਿਸ ਕਾਰਨ ਪਿੱਛੋਂ ਆ ਰਹੇ ਵਾਹਨ ਇਨ੍ਹਾਂ ਈ-ਰਿਕਸ਼ਿਆ ਨਾਲ ਟਕਰਾ ਜਾਂਦੇ ਹਨ।
ਰਜਿਸਟ੍ਰੇਸ਼ਨ ਨਾ ਕਰਵਾਉਣ ਵਾਲਿਆਂ ਦੇ ਈ-ਰਿਕਸ਼ੇ ਕੀਤੇ ਜਾਣਗੇ ਜ਼ਬਤ: --ਟ੍ਰੈਫਿਕ ਇੰਚਾਰਜ ਲੱਡੀ
ਇਸ ਸਬੰਧੀ ਜਦੋਂ ਟ੍ਰੈਫਿਕ ਇੰਚਾਰਜ ਗੁਰਮੁੱਖ ਸਿੰਘ ਲੱਡੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸ਼ਹਿਰ 'ਚ ਬਿਨਾਂ ਰਜਿਸਟ੍ਰੇਸ਼ਨ ਤੋਂ ਈ-ਰਿਕਸ਼ੇ ਨਹੀਂ ਚੱਲਣ ਦਿੱਤੇ ਜਾਣਗੇ ਅਤੇ ਉਨ੍ਹਾਂ ਵੱਲੋਂ ਰਿਕਸ਼ਾ ਚਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਆਪਣੇ ਈ-ਰਿਕਸ਼ਿਆਂ ਦੀ ਰਜਿਸਟ੍ਰੇਸ਼ਨ ਕਰਵਾਈ ਜਾਵੇ ਨਹੀਂ ਤਾਂ ਉਨ੍ਹਾਂ ਦੇ ਈ-ਰਿਕਸ਼ੇ ਜ਼ਬਤ ਕਰ ਕੇ ਜੁਰਮਾਨੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਈ-ਰਿਕਸ਼ਾ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਈ-ਰਿਕਸ਼ਾ ਕਿਰਾਏ 'ਤੇ ਦੇਣ ਤੋਂ ਪਹਿਲਾਂ ਵਿਅਕਤੀ ਦਾ ਡਰਾਈਵਿੰਗ ਲਾਇਸੇਸ ਅਤੇ ਉਹ ਇਸ ਨੂੰ ਚਲਾਉਣ ਲਈ ਫਿੱਟ ਹੈ ਦੀ ਜਾਂਚ ਕਰਨ ਤੋਂ ਬਾਅਦ ਹੀ ਕਿਰਾਏ ਉੱਪਰ ਦੇਣ, ਅਜਿਹਾ ਨਾ ਕਰਨ ਵਾਲੇ ਮਾਲਕਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।