ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਜਸਪਾਲ ਮੋਂਗਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਜਿੰਦਰ ਸੋਨੀ ਦੀ ਅਗਵਾਈ ਹੇਠ, ਭਾਰਤੀ ਏਅਰਟੈੱਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ 11 ਸਰਕਾਰੀ ਸਕੂਲਾਂ ਦੇ ਲਗਭਗ 25 ਪ੍ਰਿੰਸੀਪਲ/ਮੁੱਖੀ ਅਤੇ ਅਧਿਆਪਕਾਂ ਲਈ ਦੋ ਰੋਜ਼ਾ 21 ਅਤੇ 22 ਅਗਸਤ ਨੂੰ ਸਕੂਲ ਲੀਡਰਸ਼ਿਪ ਤੇ ਐਕਸੀਲੈਂਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਵਰਕਸ਼ਾਪ ਦੌਰਾਨ ਸਕੂਲ ਲੀਡਰਸ਼ਿਪ ਦੀ ਭੂਮਿਕਾ ਅਤੇ ਇਸ ਦੀ ਮਹੱਤਤਾ ਉਤੇ ਚਰਚਾ ਕੀਤੀ ਗਈ। ਖ਼ਾਸ ਤੌਰ ‘ਤੇ ਇਹ ਦਰਸਾਇਆ ਗਿਆ ਕਿ ਇੱਕ ਪ੍ਰਭਾਵਸ਼ਾਲੀ ਸਕੂਲ ਲੀਡਰ ਆਪਣੇ ਸਕੂਲ ਵਿੱਚ ਆ ਰਹੀਆਂ ਮੁਸ਼ਕਲਾਂ ਦਾ ਸੁਚੱਜੇ ਢੰਗ ਨਾਲ ਹੱਲ ਕਿਵੇਂ ਕਰ ਸਕਦਾ ਹੈ। ਇਸ ਸੰਦਰਭ ਵਿੱਚ ਰੋਲ ਪਲੇਅ ਰਾਹੀਂ ਵੱਖ-ਵੱਖ ਸਥਿਤੀਆਂ ਦੀ ਪੇਸ਼ਕਾਰੀ ਕੀਤੀ ਗਈ।
ਵਰਕਸ਼ਾਪ ਦਾ ਸ਼ੁਭ ਆਰੰਭ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਸ. ਗੁਰਮੇਲ ਸਿੰਘ ਸਾਗੂ, ਬਲਾਕ ਰਿਸੋਰਸ ਕੋਆਰਡੀਨੇਟਰ ਸ. ਜਗਜੀਤ ਸਿੰਘ, ਪ੍ਰਿੰਸੀਪਲ ਸਾਹਿਬਾਨ ਅਤੇ ਸਕੂਲ ਮੁਖੀਆਂ ਵੱਲੋਂ ਸ਼ਮਾ ਰੌਸ਼ਨ ਕਰਕੇ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਕਿਹਾ ਕਿ ਸਿੱਖਿਆ ਖੇਤਰ ਵਿੱਚ ਅਗਵਾਈ ਦੀ ਮਹੱਤਤਾ ਬੇਮਿਸਾਲ ਹੈ ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਸਕੂਲ ਪ੍ਰਬੰਧਕੀ ਪੱਧਰ ‘ਤੇ ਨਵੇਂ ਵਿਚਾਰ ਅਤੇ ਸਕਾਰਾਤਮਕ ਬਦਲਾਅ ਲਿਆਉਂਦੇ ਹਨ।
ਜਸਵਿੰਦਰ ਪਾਲ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਜਸਪਾਲ ਮੋਂਗਾ ਨੇ ਵਰਕਸ਼ਾਪ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕਾਰਜਕ੍ਰਮ ਸਕੂਲਾਂ ਦੇ ਗੁਣਾਤਮਕ ਵਿਕਾਸ ਲਈ ਮੀਲ ਪੱਥਰ ਸਾਬਤ ਹੋਣਗੇ।
ਇਹ ਵਰਕਸ਼ਾਪ ਟਰੇਨਰ ਸ਼ਿਲਕੀ ਭਾਟੀਆ ਅਤੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਤੋਂ ਆਂਚਲ ਅਰੋੜਾ ਵੱਲੋਂ ਸੁਚੱਜੇ ਢੰਗ ਨਾਲ ਕਰਵਾਈ ਗਈ। ਇਸ ਮੌਕੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਵੱਲੋਂ ਪ੍ਰੋਜੈਕਟ ਕੁਆਰਡੀਨੇਟਰ ਸ. ਅਮਰਜੀਤ ਸਿੰਘ ਅਤੇ ਉਹਨਾਂ ਦੀ ਟੀਮ ਹਾਜ਼ਰ ਸੀ।