ਪਟਿਆਲਾ : ਪਲਾਸਟਿਕ ਦੀ ਵਰਤੋਂ 'ਤੇ ਪਾਬੰਦੀ ਨੂੰ ਲਾਗੂ ਕਰਨ ਲਈ ਨਗਰ ਨਿਗਮ, ਪਟਿਆਲਾ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਸਹਿਯੋਗ ਨਾਲ ਸ਼ਹਿਰ ਦੀਆਂ ਵੱਖ-ਵੱਖ ਮੰਡੀਆਂ ਦਾ ਅੱਜ ਸਾਂਝਾ ਦੌਰਾ ਕੀਤਾ ਗਿਆ।
ਦੌਰੇ ਦੌਰਾਨ, ਟੀਮਾਂ ਨੇ ਦੁਕਾਨਦਾਰਾਂ, ਸਬਜ਼ੀ ਵਿਕਰੇਤਾਵਾਂ ਅਤੇ ਆਮ ਲੋਕਾਂ ਨੂੰ ਪਲਾਸਟਿਕ ਕੈਰੀ-ਬੈਗਾਂ ਦੀ ਵਰਤੋਂ ਬੰਦ ਕਰਨ ਅਤੇ ਇਸ ਦੀ ਬਜਾਏ ਵਾਤਾਵਰਣ-ਅਨੁਕੂਲ ਬਦਲ ਜਿਵੇਂ ਕਿ ਕੱਪੜੇ ਤੇ ਜੂਟ ਆਦਿ ਦੇ ਥੈਲੇ ਅਪਣਾਉਣ ਲਈ ਸਰਗਰਮੀ ਨਾਲ ਪ੍ਰੇਰਿਤ ਕਰਦਿਆਂ ਜਾਗਰੂਕ ਕੀਤਾ।
ਇਸ ਨਿਰੀਖਣ ਦੌਰੇ ਦੀ ਅਗਵਾਈ ਨਗਰ ਨਿਗਮ ਦੇ ਮੈਡੀਕਲ ਅਫਸਰ ਹੈਲਥ ਡਾ. ਨਵਿੰਦਰ ਸਿੰਘ ਨੇ ਕੀਤੀ, ਜਿਸ ਵਿੱਚ ਨਗਰ ਨਿਗਮ ਦੀ ਆਪਣੀ ਟੀਮ ਸ਼ਾਮਲ ਸਮੇਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਜੇ.ਈ.ਈ. ਇੰਜ ਦਵਿੰਦਰ ਸਿੰਘ, ਅਤੇ ਇੰਜ ਰਵੀ ਕੁਮਾਰ ਸ਼ਾਮਲ ਸਨ।
ਇਸ ਮੁਹਿੰਮ ਦੌਰਾਨ ਟੀਮ ਨੇ ਵਾਤਾਵਰਣ ਅਤੇ ਜਨਤਕ ਸਿਹਤ 'ਤੇ ਪਲਾਸਟਿਕ ਦੇ ਨੁਕਸਾਨਦੇਹ ਪ੍ਰਭਾਵਾਂ ਦੀ ਜਾਗਰੂਕਤਾ 'ਤੇ ਜ਼ੋਰ ਦਿੰਦਿਆਂ ਨਾਗਰਿਕਾਂ ਨੂੰ ਪਟਿਆਲਾ ਨੂੰ ਸਾਫ਼ ਅਤੇ ਪ੍ਰਦੂਸ਼ਣ ਮੁਕਤ ਰੱਖਣ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।