ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲਾ ਦੇ ਡ੍ਰਿੰਕਿੰਗ ਵਾਟਰ ਅਤੇ ਸੈਨਿਟੇਸ਼ਨ ਵਿਭਾਗ ਦੇ ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ (ਨਲ ਸੇ ਜਲ ਯੋਜਨਾ ਅਤੇ ਸਵੱਛ ਭਾਰਤ ਮਿਸ਼ਨ) ਸ਼੍ਰੀ ਕਮਲ ਕਿਸ਼ੋਰ ਸੋਨ ਅੱਜ ਮੋਹਾਲੀ ਜ਼ਿਲ੍ਹੇ ਦੇ ਦੌਰੇ ‘ਤੇ ਆਏ। ਉਨ੍ਹਾਂ ਨੇ ਜਲ ਜੀਵਨ ਮਿਸ਼ਨ ਅਤੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ ਹੋ ਰਹੇ ਕੰਮਾਂ ਦੀ ਸਮੀਖਿਆ ਕੀਤੀ।
ਆਪਣੇ ਦੌਰੇ ਦੌਰਾਨ, ਸ਼੍ਰੀ ਸੋਨ ਨੇ ਸਭ ਤੋਂ ਪਹਿਲਾਂ ਪਿੰਡ ਨੰਗਲ ਗੜ੍ਹੀਆਂ, ਬਲਾਕ ਮਜਰੀ ਵਿੱਚ ਲਿਕਵਿਡ ਵੇਸਟ ਮੈਨੇਜਮੈਂਟ (ਥਾਪਰ ਮਾਡਲ) ਪ੍ਰੋਜੈਕਟ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਪਿੰਡ ਪੱਧਰ ‘ਤੇ ਗੰਦੇ ਪਾਣੀ ਦੇ ਨਿਪਟਾਰੇ ਲਈ ਅਪਣਾਈਆਂ ਜਾ ਰਹੀਆਂ ਨਵੀਂਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਲਈ। ਇਸ ਮੌਕੇ ਚੀਫ਼ ਇੰਜੀਨੀਅਰ (ਸਾਊਥ), ਜੇ ਜੇ ਗੋਇਲ, ਡਾਇਰੈਕਟਰ ਸੈਨਿਟੇਸ਼ਨ (ਡਬਲਯੂ ਐਸ ਐਸ ਪੰਜਾਬ), ਮਨੋਜ ਮਲਹੋਤਰਾ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਐਸ.ਏ.ਐਸ. ਨਗਰ ਸੋਨਮ ਚੌਧਰੀ, ਐਸ.ਡੀ.ਐਮ. ਖ਼ਰੜ ਸ਼੍ਰੀਮਤੀ ਦਿਵਿਆ ਪੀ ਅਤੇ ਐਗਜ਼ਿਕਿਊਟਿਵ ਇੰਜੀਨੀਅਰ ਡਿਵਿਜ਼ਨ ਨੰ. 3 ਮੋਹਾਲੀ, ਰਮਨਪ੍ਰੀਤ ਸਿੰਘ ਵੀ ਮੌਜੂਦ ਸਨ।
ਇਸ ਤੋਂ ਬਾਅਦ, ਉਨ੍ਹਾਂ ਨੇ ਪਿੰਡ ਫ਼ਤਿਹਗੜ੍ਹ, ਬਲਾਕ ਮਾਜਰੀ ਵਿੱਚ ਘਰ-ਘਰ ਨਲ ਕਨੈਕਸ਼ਨਾਂ ਵਾਲੀ ਪਾਣੀ ਸਕੀਮ ਦੀ ਸਮੀਖਿਆ ਕੀਤੀ। ਇਸ ਯੋਜਨਾ ਅਧੀਨ ਸਾਲ 2022 ਵਿੱਚ 19.01 ਲੱਖ ਰੁਪਏ ਦੀ ਲਾਗਤ ਨਾਲ ਟਿਊਬਵੈੱਲ ਲਗਾਇਆ ਗਿਆ ਸੀ। ਉਨ੍ਹਾਂ ਨੇ ਗ੍ਰਾਮ ਪੰਚਾਇਤ ਵਾਟਰ ਸਪਲਾਈ ਕਮੇਟੀ ਦੀ ਸਰਾਹਨਾ ਕੀਤੀ, ਜੋ 2010 ਤੋਂ ਇਸ ਯੋਜਨਾ ਨੂੰ ਸਫਲਤਾਪੂਰਵਕ ਚਲਾ ਰਹੀ ਹੈ ਅਤੇ ਪਿੰਡ ਵਾਸੀਆਂ ਨੂੰ ਨਿਰੰਤਰ ਸੁਰੱਖਿਅਤ ਪੀਣਯੋਗ ਪਾਣੀ ਉਪਲਬਧ ਕਰਵਾ ਰਹੀ ਹੈ।
ਸ਼੍ਰੀ ਸੋਨ ਨੇ ਜਲ ਜੀਵਨ ਮਿਸ਼ਨ ਅਤੇ ਠੋਸ ਤੇ ਤਰਲ ਕੂੜਾ ਪ੍ਰਬੰਧਨ ਨੂੰ ਅੱਗੇ ਵਧਾਉਣ ਵਿੱਚ ਵਾਟਰ ਸਪਲਾਈ ਤੇ ਸੈਨਿਟੇਸ਼ਨ ਵਿਭਾਗ ਪੰਜਾਬ ਅਤੇ ਸਥਾਨਕ ਗ੍ਰਾਮ ਪੰਚਾਇਤਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਭਾਰਤ ਸਰਕਾਰ ਹਰ ਪਿੰਡ ਦੇ ਹਰ ਘਰ ਨੂੰ ਸੁਰੱਖਿਅਤ ਪਾਣੀ ਅਤੇ ਬਿਹਤਰ ਸਫ਼ਾਈ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।