ਬਰਨਾਲਾ : ਬਰਨਾਲਾ 'ਚ ਪਿਛਲੇ ਕੁਝ ਸਮੇਂ ਤੋਂ “ਚੋਰ ਸਿਪਾਹੀ” ਦੀ ਖੇਡੀ ਜਾ ਰਹੀ ਖੇਡ ਵਿੱਚ ਬਰਨਾਲਾ ਪੁਲਿਸ ਨੇ ਕੁਝ ਦਿਨ ਪਹਿਲਾਂ ਹੀ ਸੇਖਾ ਰੋਡ 'ਤੇ ਚੋਰੀ ਕਰਨ ਵਾਲੇ ਚੋਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਸਿਟੀ 2 ਵਿਖੇ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਬਰਨਾਲਾ ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ 19 ਅਗਸਤ ਨੂੰ ਲਛਮਣ ਦਾਸ ਪੁੱਤਰ ਪ੍ਰੇਮ ਚੰਦ ਵਾਸੀ ਗਲੀ ਨੰਬਰ 4 ਸੇਖਾ ਰੋਡ ਬਰਨਾਲਾ ਦੇ ਘਰ ਚੋਰੀ ਹੋਣ ਸਬੰਧੀ ਇੱਕ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸਦੀ ਤਫ਼ਤੀਸ਼ ਦੌਰਾਨ ਪਵਨਪ੍ਰੀਤ ਸਿੰਘ ਉਰਫ ਪੀਤੂ ਪੁੱਤਰ ਬਲਵੀਰ ਸਿੰਘ ਵਾਸੀ ਨੈਣੇਵਾਲ ਰੋਡ ਭਦੌੜ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਦੀ ਨਿਸ਼ਾਨਦੇਹੀ 'ਤੇ ਲਛਮਣ ਦਾਸ ਦੇ ਘਰੋਂ ਚੋਰੀ ਹੋਈ ਨਗਦੀ ਇੱਕ ਲੱਖ 38 ਹਜ਼ਾਰ ਰੁਪਏ ਦੇ ਕਰੰਸੀ ਨੋਟ ਬਰਾਮਦ ਕੀਤੇ ਗਏ। ਉਹਨਾਂ ਦੱਸਿਆ ਕਿ ਪਵਨਪ੍ਰੀਤ ਸਿੰਘ ਦੀ ਪੁੱਛਗਿੱਛ ਦੇ ਆਧਾਰ 'ਤੇ ਕਾਲਾ ਸਿੰਘ ਉਰਫ ਕਾਲੂ ਪੁੱਤਰ ਗਾਗੜ ਸਿੰਘ ਵਾਸੀ ਸਿਧਾਣਾ ਜ਼ਿਲਾ ਬਠਿੰਡਾ ਤੇ ਕਪੂਰਕਾਲੂ ਪੁੱਤਰ ਗਾਗੜ ਸਿੰਘ ਵਾਸੀ ਸਿਧਾਣਾ ਜ਼ਿਲਾ ਬਠਿੰਡਾ ਤੇ ਕਪੂਰ ਮੁਹੰਮਦ ਪੁੱਤਰ ਮਿੱਠੂ ਮਹੁੰਮਦ ਦੀਨ ਵਾਸੀ ਨੈਣੇਵਾਲ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।
ਡੀਐਸਪੀ ਬੈਂਸ ਨੇ ਦੱਸਿਆ ਕਿ ਦੌਰਾਨੇ ਪੁੱਛਗਿੱਛ ਪਵਨਪ੍ਰੀਤ ਸਿੰਘ ਨੇ ਮੰਨਿਆ ਕਿ ਉਸਨੇ ਬੱਸ ਸਟੈਂਡ ਬਰਨਾਲਾ ਦੀ ਬੈਕ ਸਾਈਡ ਗੁਰੂ ਨਾਨਕ ਬਸਤੀ ਦੇ ਵਿੱਚੋਂ ਕਿਸੇ ਘਰ 'ਚੋਂ ਗਹਿਣੇ ਅਤੇ ਨਗਦੀ ਚੋਰੀ ਕੀਤੀ ਸੀ ਜਿਸ ਸਬੰਧੀ ਵੀ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਹੈ। ਪਵਨਪ੍ਰੀਤ ਸਿੰਘ ਨੇ ਜੋ ਗਹਿਣੇ ਚੋਰੀ ਕੀਤੇ ਸਨ ਉਹ ਉਸਨੇ ਦੋਸ਼ੀ ਕਾਲਾ ਸਿੰਘ ਅਤੇ ਕਪੂਰ ਮੁਹੰਮਦ ਨੂੰ ਦੇਣੇ ਮੰਨਿਆ ਹੈ ਜਿਸ ਤੋਂ ਬਾਅਦ ਦੋਸ਼ੀ ਕਾਲਾ ਸਿੰਘ ਉਰਫ਼ ਕਾਲੂ ਦੀ ਨਿਸ਼ਾਨਦੇਹੀ 'ਤੇ ਮਥੂਟ ਫਾਈਨੈਂਸ ਬਰਾਂਚ ਰਾਮਪੁਰਾ ਫੂਲ ਪਾਸੋਂ ਦੋਸ਼ੀ ਕਾਲਾ ਸਿੰਘ ਕਾਲੂ ਉਕਤ ਵੱਲੋਂ ਗਿਰਵੀ ਰੱਖਿਆ ਸੋਨਾ 39.80 ਗ੍ਰਾਮ ਦੀਆਂ ਕੁੱਲ ਪੰਜ ਆਈਟਮਾਂ ਬਰਾਮਦ ਕਰਵਾਈਆਂ ਗਈਆਂ। ਡੀਐਸਪੀ ਨੇ ਦੱਸਿਆ ਕਿ ਇਹਨਾਂ ਦੋਸ਼ੀਆਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਤਹਿਤ ਚੋਰੀਆਂ ਸਬੰਧੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਹਨਾਂ ਦੱਸਿਆ ਕਿ ਇਹਨਾਂ ਵਿੱਚੋਂ ਦੋਸ਼ੀ ਪਵਨਪ੍ਰੀਤ ਸਿੰਘ ਦੇ ਖ਼ਿਲਾਫ਼ 1, ਦੋਸ਼ੀ ਕਾਲਾ ਸਿੰਘ ਉਰਫ ਕਾਲੂ ਦੇ ਖ਼ਿਲਾਫ਼ 12 ਅਤੇ ਦੋਸ਼ੀ ਕਪੂਰ ਮੁਹੰਮਦ ਦੇ ਖਿਲਾਫ ਪਹਿਲਾਂ ਵੀ ਇੱਕ ਪਰਚਾ ਦਰਜ ਹੈ। ਪ੍ਰੈੱਸ ਕਾਨਫਰੰਸ ਦੌਰਾਨ ਥਾਣਾ ਸਿਟੀ 2 ਦੇ ਐਸਐਚਓ ਚਰਨਜੀਤ ਸਿੰਘ ਅਤੇ ਸਹਾਇਕ ਥਾਣੇਦਾਰ ਰਜੀਵ ਕੁਮਾਰ ਸਮੇਤ ਹੋਰ ਮੁਲਾਜ਼ਮ ਵੀ ਹਾਜ਼ਰ ਸਨ