ਸੁਲਤਾਨਪੁਰ ਲੋਧੀ : ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਅੱਜ ਪਿੰਡ ਖਿਜਰਪੁਰ (ਸੁਲਤਾਨਪੁਰ ਲੋਧੀ) ਪਹੁੰਚੇ ਅਤੇ ਹੜ੍ਹਾਂ ਕਾਰਨ ਪ੍ਰਭਾਵਿਤ ਪਰਿਵਾਰਾਂ ਨਾਲ ਮਿਲ ਕੇ ਉਨ੍ਹਾਂ ਦੇ ਦੁੱਖ-ਦਰਦ ਨੂੰ ਸਾਂਝਾ ਕੀਤਾ। ਇਸ ਮੌਕੇ ਉਹਨਾਂ ਨੇ ਬੰਨ ਦਾ ਜਾਇਜ਼ਾ ਲਿਆ ਅਤੇ ਪਿੰਡ ਵਾਸੀਆਂ ਤੋਂ ਹਾਲਾਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ।
ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਹੜ੍ਹਾਂ ਨੇ ਉਨ੍ਹਾਂ ਦੇ ਘਰਾਂ, ਫਸਲਾਂ ਅਤੇ ਪਸ਼ੂ-ਪਾਲਣ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਹੜਾਂ ਕਾਰਨ ਸੈਂਕੜੇ ਘਰ ਢਹਿ ਗਏ ਹਨ ਅਤੇ ਹਜ਼ਾਰਾਂ ਏਕੜ ਖੇਤ ਪਾਣੀ ਹੇਠ ਆ ਗਏ ਹਨ। ਲੋਕਾਂ ਨੇ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਬੇਧਿਆਨੀ ਅਤੇ ਹੜ੍ਹ ਪ੍ਰਬੰਧਨ ਵਿੱਚ ਹੋਈਆਂ ਲਾਪਰਵਾਹੀਆਂ ਉੱਤੇ ਗੁੱਸਾ ਜਤਾਇਆ।
ਰਾਣਾ ਗੁਰਜੀਤ ਸਿੰਘ ਨੇ ਇਸ ਹੜ੍ਹ ਨੂੰ “ਮੇਨ-ਮੇਡ ਡਿਜ਼ਾਸਟਰ” ਕਰਾਰ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਸਿੰਜਾਈ ਵਿਭਾਗ ਦੀ ਗੰਭੀਰ ਲਾਪਰਵਾਹੀ ਕਾਰਨ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਉਹਨਾਂ ਕਿਹਾ ਕਿ ਪਹਿਲਾਂ ਹੀ ਚੇਤਾਵਨੀ ਦੇਣ ਦੇ ਬਾਵਜੂਦ ਪਾਣੀ ਨੂੰ ਸਮੇਂ ਸਿਰ ਰਿਲੀਜ਼ ਨਾ ਕੀਤਾ ਗਿਆ ਅਤੇ ਬਾਅਦ ਵਿੱਚ ਇਕਦਮ ਵੱਧ ਪਾਣੀ ਛੱਡ ਦਿੱਤਾ ਗਿਆ, ਜਿਸ ਨਾਲ ਲੋਕਾਂ ਦੀ ਜ਼ਿੰਦਗੀ ਉਲਟਪੁਲਟ ਹੋ ਗਈ।
ਉਹਨਾਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਕੇਵਲ ਹਮਦਰਦੀ ਜਤਾਉਣ ਜਾਂ ਖਾਲੀ ਐਲਾਨ ਕਰਨ ਨਾਲ ਲੋਕਾਂ ਦੇ ਜ਼ਖਮ ਨਹੀਂ ਭਰਨਗੇ। ਉਨਾਂ ਕਿਹਾ ਕਿ ਜ਼ਰੂਰੀ ਹੈ ਕਿ ਹੜ੍ਹ ਪ੍ਰਭਾਵਿਤ ਪੀੜਤਾਂ ਨੂੰ ਤੁਰੰਤ ਮੁਆਵਜ਼ਾ ਅਤੇ ਰਾਹਤ ਪੈਕੇਜ ਦਾ ਐਲਾਨ ਕੀਤਾ ਜਾਵੇ। ਉਨਾਂ ਅੱਗੇ ਕਿਹਾ ਕਿ ਕਿ ਹੜਾਂ ਕਾਰਨ ਜੋ ਲੋਕ ਆਪਣੇ ਘਰ ਗੁਆ ਬੈਠੇ ਪਰਿਵਾਰਾਂ ਲਈ ਵੱਖਰੀ ਵਸੋਂਬਸ ਯੋਜਨਾ ਬਣਾਈ ਜਾਵੇ ਅਤੇ ਕਿਸਾਨਾਂ ਦੇ ਖੇਤੀਬਾੜੀ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ।
ਰਾਣਾ ਗੁਰਜੀਤ ਸਿੰਘ ਨੇ ਵਚਨ ਦਿੱਤਾ ਕਿ ਉਹ ਲੋਕਾਂ ਦੀ ਆਵਾਜ਼ ਨੂੰ ਵਿਧਾਨ ਸਭਾ ਤੋਂ ਲੈ ਕੇ ਹਰ ਮੰਚ ‘ਤੇ ਉਠਾਉਣਗੇ ਅਤੇ ਪੰਜਾਬ ਸਰਕਾਰ ਤੋਂ ਹੜ੍ਹ ਪੀੜਤਾਂ ਲਈ ਘੱਟੋ-ਘੱਟ 100 ਕਰੋੜ ਰੁਪਏ ਦੇ ਰਾਹਤ ਫੰਡ ਦੀ ਮੰਗ ਕਰਣਗੇ।