ਅਬੋਹਰ : ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਆਪਣੇ ਅਬੋਹਰ ਦੌਰੇ ਦੌਰਾਨ ਸ੍ਰੀ ਸੰਜੇ ਵਰਮਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸੰਜੇ ਵਰਮਾ ਦੇ ਭਰਾ ਜਗਤ ਵਰਮਾ ਨੂੰ ਮਿਲ ਕੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਆਖਿਆ ਕਿ ਵਰਮਾ ਪਰਿਵਾਰ ਨੇ ਸਖ਼ਤ ਮਿਹਨਤ ਨਾਲ ਕੱਪੜੇ ਦੇ ਵਪਾਰ ਵਿੱਚ ਵੱਡਾ ਨਾਮ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸੰਜੇ ਵਰਮਾ ਦੇ ਜਾਣ ਨਾਲ ਨਾ ਕੇਵਲ ਪਰਿਵਾਰ ਨੂੰ ਸਗੋਂ ਪੰਜਾਬ ਨੂੰ ਵੀ ਘਾਟਾ ਪਿਆ ਹੈ। ਉਨਾਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਸਰਕਾਰ ਪੂਰੀ ਤਰ੍ਹਾਂ ਪਰਿਵਾਰ ਦੇ ਨਾਲ ਹੈ ਅਤੇ ਸੰਜੇ ਵਰਮਾ ਦੇ ਕਤਲ ਕਾਂਡ ਵਿੱਚ ਸ਼ਾਮਿਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੀ ਉਨ੍ਹਾਂ ਦੇ ਨਾਲ ਹਾਜ਼ਰ ਸਨ।