ਨਵੀਂ ਦਿੱਲੀ : ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਪਵਿੱਤਰ ਅਵਸਰ ਨੂੰ ਸਮਰਪਿਤ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੇ ਆਦਰ-ਸਤਿਕਾਰ, ਸ਼ਰਧਾ ਅਤੇ ਚੜ੍ਹਦੀ ਕਲਾ ਦੇ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਬੀ-ਬਲਾਕ ਕਾਲਕਾ ਜੀ ਵਿਖੇ 13 ਸ੍ਰੀ ਅਖੰਡ ਪਾਠ ਸਾਹਿਬਾਂ ਦੀ ਆਰੰਭਤਾ ਕੀਤੀ ਗਈ ਹੈ। ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ ਮਹਾਨੁਭਾਵਕ ਰੂਹਾਨੀ ਅਭਿਆਸ ਸਿੱਖ ਕੌਮ ਦੀ ਸ਼ਾਨ, ਅਮੋਲਕ ਧਰੋਹਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਲੌਕਿਕ ਜੋਤ-ਰੂਪ ਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਇਹ ਅਖੰਡ ਪਾਠ ਸਾਹਿਬਾਂ ਦੀ ਸੰਪੂਰਨਤਾ 24 ਅਗਸਤ ਨੂੰ ਹੋਵੇਗੀ, ਜਿਸ ਤੋਂ ਬਾਅਦ ਵਿਸ਼ਾਲ ਗੁਰਮਤਿ ਸਮਾਗਮਾਂ ਦਾ ਆਯੋਜਨ ਕੀਤਾ ਜਾਵੇਗਾ ਅਤੇ ਗੁਰੂ ਦਰਬਾਰ ਅੱਗੇ ਅਰਦਾਸਾਂ ਭੇਟ ਕੀਤੀਆਂ ਜਾਣਗੀਆਂ।
ਇਸ ਪਵਿੱਤਰ ਸਮਾਰੋਹ ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰ ਰਹੀਆਂ ਹਨ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਦਰਸ਼ਨ ਕਰਕੇ ਆਪਣਾ ਜੀਵਨ ਧੰਨ ਕਰ ਰਹੀਆਂ ਹਨ। ਗੁਰਬਾਣੀ ਦੇ ਅਖੰਡ ਜਪ ਨਾਲ ਸਾਰੇ ਪਾਸੇ ਸਰਬੱਤ ਦਾ ਭਲਾ ਅਤੇ ਚੜ੍ਹਦੀ ਕਲਾ ਦੀ ਅਨੋਖੀ ਲਹਿਰ ਮਹਿਸੂਸ ਕੀਤੀ ਜਾ ਰਹੀ ਹੈ।
ਸ੍ਰੀ ਕਾਲਕਾ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ 24 ਅਗਸਤ ਨੂੰ ਸੰਪੂਰਨ ਹੋਣ ਵਾਲੇ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਗੁਰੂ ਸਾਹਿਬ ਦੀ ਬਾਣੀ ਦਾ ਅਨੰਦ ਮਾਨਣ ਅਤੇ ਰੂਹਾਨੀ ਅਸ਼ੀਰਵਾਦ ਪ੍ਰਾਪਤ ਕਰਨ।