ਪਟਿਆਲਾ : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਮੌਜੂਦਾ ਸਾਉਣੀ ਸੀਜ਼ਨ ਦੌਰਾਨ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਬਣਾਏ ਗਏ ਐਕਸ਼ਨ ਪਲਾਨ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਗਤੀਵਿਧੀ ਕਲੰਡਰ ਅਨੁਸਾਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਕਸ਼ਨ ਪਲਾਨ ਮੁਤਾਬਿਕ ਵਾਲ ਪੇਂਟਿੰਗਜ਼, ਆਸ਼ਾ ਵਰਕਰ, ਨੁੱਕੜ ਨਾਟਕਾਂ, ਮੋਬਾਇਲ ਵੈਨਾਂ ਅਤੇ ਸਕੂਲੀ ਬੱਚਿਆਂ ਦੇ ਸਹਿਯੋਗ ਨਾਲ ਪਿੰਡ ਪੱਧਰ ਤੇ ਮਹੀਨਾ ਅਗਸਤ ਅਤੇ ਸਤੰਬਰ ਦੌਰਾਨ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਲੜੀ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਬਲਾਕ ਖੇਤੀਬਾੜੀ ਅਫ਼ਸਰਾਂ ਦੇ ਸਹਿਯੋਗ ਨਾਲ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਜਿਨ੍ਹਾਂ ਵਿਚ ਕਿਸਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਕਟਾਈ ਸੁਪਰ ਐਸ.ਐਮ.ਐਸ. ਮਸ਼ੀਨ ਨਾਲ ਕਰਨ ਲਈ, ਬੇਲਰ ਨਾਲ ਗੰਢਾਂ ਬਣਾਉਣ ਲਈ, ਪਰਾਲੀ ਨੂੰ ਖੇਤਾਂ ਵਿਚ ਮਿਲਾਉਣ ਬਾਰੇ ਅਤੇ ਝੋਨੇ ਦੀ ਕਟਾਈ ਸਵੇਰੇ 10:00 ਵਜੇ ਤੋਂ ਸ਼ਾਮ 6:00 ਵਜੇ ਵਿਚਕਾਰ ਕਰਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਬਲਾਕ ਪਟਿਆਲਾ ਵੱਲੋਂ ਪਿੰਡ ਕਾਲਵਾ, ਫਰੀਦਪੁਰ, ਕੌਲੀ, ਜਾਫਰਨਗਰ, ਬੋਹੜਪੁਰ, ਜਨਹੇੜੀਆਂ ਅਤੇ ਬਲਾਕ ਨਾਭਾ ਵੱਲੋਂ ਪਿੰਡ ਸੁਰਾਜਪੁਰ, ਕੁਲਾਰਾਂ, ਸਹੌਲੀ, ਰੋਟੀ ਮੌੜਾਂ, ਸਿੱਧੂਵਾਲ, ਟੌੜਰਵਾਲ, ਮੱਲੇਵਾਲ ਅਤੇ ਮੰਗੇਵਾਲ ਪਿੰਡਾਂ ਵਿਚ ਜਾਗਰੂਕਤਾ ਕੈਂਪ ਲਗਾਏ ਗਏ। ਇਹਨਾਂ ਕੈਂਪਾਂ ਵਿਚ ਖੇਤੀਬਾੜੀ ਵਿਭਾਗ ਦੇ ਖੇਤੀਬਾੜੀ ਵਿਕਾਸ ਅਫ਼ਸਰ, ਖੇਤੀਬਾੜੀ ਵਿਸਥਾਰ ਅਫ਼ਸਰ, ਖੇਤੀਬਾੜੀ ਉਪ-ਨਿਰੀਖਕ, ਬੀ.ਟੀ.ਐਮ. ਅਤੇ ਏ.ਟੀ.ਐਮ. ਵੱਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੇ ਨਾਲ-ਨਾਲ ਝੋਨੇ ਦੇ ਮੱਧਰੇਪਨ ਸਬੰਧੀ, ਝੋਨੇ ਦੇ ਕੀੜੇ ਮਕੌੜਿਆਂ ਅਤੇ ਹੋਰ ਬਿਮਾਰੀਆਂ ਦੀ ਰੋਕਥਾਮ ਸਬੰਧੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਇਹਨਾਂ ਕੈਂਪਾਂ ਵਿਚ ਪਿੰਡ ਦੇ ਸਰਪੰਚ ਸਾਹਿਬਾਨ, ਨੰਬਰਦਾਰ ਅਤੇ ਅਗਾਂਹਵਧੂ ਕਿਸਾਨ ਜ਼ਗਜੀਤ ਸਿੰਘ, ਯਾਦਵਿੰਦਰ ਸਿੰਘ, ਗੁਰਮੁਖ ਸਿੰਘ, ਕੁਲਦੀਪ ਸਿੰਘ, ਸੁਰਿੰਦਰ ਸਿੰਘ, ਪਰਵਿੰਦਰ ਸਿੰਘ, ਬਲਿਹਾਰ ਸਿੰਘ ਮੱਟੂ, ਗੁਰਨਾਮ ਸਿੰਘ ਵਿਰਕ, ਹਰਜਿੰਦਰ ਸਿੰਘ ਤੋਂ ਇਲਾਵਾ ਲਗਭਗ 500 ਕਿਸਾਨਾਂ ਨੇ ਭਾਗ ਲਿਆ।