ਘਨੌਰ : ਘਨੌਰ ਤੋਂ ਸ਼ੰਭੂ ਵਾਲੀ ਸੜਕ ਲੋਕਾਂ ਲਈ ਖ਼ਤਰਨਾਕ ਬਣ ਚੁੱਕੀ ਹੈ। ਇਸ ਸੜਕ ’ਤੇ ਹਾਦਸਿਆਂ ਦੀ ਲੜੀ ਲਗਾਤਾਰ ਜਾਰੀ ਹੈ ਅਤੇ ਅੱਜ ਫਿਰ ਇੱਕ ਜਾਨ ਇਸ ਮੌਤ ਦੇ ਰਸਤੇ ਨੇ ਨਿਗਲ ਲਈ।
ਜਾਣਕਾਰੀ ਅਨੁਸਾਰ, ਇੰਸਪੈਕਟਰ (ਚੈਕਰ) PRTC ਰਾਜ ਕੁਮਾਰ, ਵਾਸੀ ਪਿੰਡ ਸੋਨੇ ਮਾਜਰਾ ਆਪਣੀ ਡਿਊਟੀ ਲਈ ਜਾ ਰਿਹਾ ਸੀ ਕਿ ਕਾਮੀ ਕਲਾਂ ਨੇੜੇ ਸੜਕ ਹਾਦਸੇ ਵਿੱਚ ਉਸਦੀ ਦਰਦਨਾਕ ਮੌਤ ਹੋ ਗਈ।
ਲੋਕਾਂ ਨੇ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਕਈ ਲੋਕ ਇਸੇ ਸੜਕ ’ਤੇ ਆਪਣੀ ਜਾਨ ਗਵਾ ਬੈਠੇ ਹਨ। ਸੜਕ ’ਤੇ ਤੇਜ਼ ਰਫ਼ਤਾਰ ਨਾਲ ਦੌੜਦੇ ਟਰੱਕ ਅਤੇ ਹੋਰ ਵਾਹਨ ਬੇਕਸੂਰ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਹਨ। ਹਰ ਹਫ਼ਤੇ ਕੋਈ ਨਾ ਕੋਈ ਹਾਦਸਾ ਹੋ ਰਿਹਾ ਹੈ ਜਿਸ ਨਾਲ ਪਰਿਵਾਰ ਉਜੜ ਰਹੇ ਹਨ।
ਸੰਯੁਕਤ ਕਿਸਾਨ ਮੋਰਚੇ ਦੇ ਉਘੇ ਆਗੂਆਂ ਕਾਮਰੇਡ ਧਰਮਪਾਲ ਸਿੰਘ ਸੀਲ, ਪਵਨ ਕੁਮਾਰ ਸੋਗਲਪੁਰ, ਚਰਨਜੀਤ ਸਿੰਘ ਲਾਛੜੂ ਅਤੇ ਸਰਪੰਚ ਸੋਹਨ ਲਾਲ ਸੋਨੇ ਮਾਜਰਾ ਨੇ ਕਿਹਾ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਇਹ ਸੜਕ "ਖੂਨੀ ਸੜਕ" ਬਣ ਗਈ ਹੈ। ਲੋਕਾਂ ਨੇ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਕਦਮ ਨਾ ਚੁੱਕੇ ਗਏ ਤਾਂ ਉਹ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।
ਲੋਕਾਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਘਨੌਰ-ਸ਼ੰਭੂ ਸੜਕ ’ਤੇ ਟ੍ਰੈਫਿਕ ਪੁਲਿਸ ਦੀ ਤੁਰੰਤ ਤੈਨਾਤੀ ਕੀਤੀ ਜਾਵੇ, ਸਪੀਡ ਬ੍ਰੇਕਰ ਟੀ ਪੁਆਇੰਟਾਂ ’ਤੇ ਪੀਲੀ ਪੱਟੀਆਂ ਤੇ ਰਿਫਲੈਕਟਰ ਆਦਿ ਲਗਾਏ ਜਾਣ, ਰਫ਼ਤਾਰ ਸੀਮਾ ਨਿਰਧਾਰਤ ਕੀਤੀ ਜਾਵੇ ਅਤੇ ਸੜਕ ਸੁਰੱਖਿਆ ਦੇ ਪੂਰੇ ਉਪਰਾਲੇ ਕੀਤੇ ਜਾਣ ਪੁਲਿਸ ਦੀ ਗਸਤ ਤੇਜ ਕੀਤੀ ਜਾਵੇ । ਸੜਕ ਸੁਰੱਖਿਆ ਫੋਰਸ ਦੀ ਗਸ਼ਤ ਯਕੀਨੀ ਬਣਾਈ ਜਾਵੇ ਤੇਜ਼ ਰਫਤਾਰ ਤੇ ਭਾਰੀ ਵਾਹਨਾਂ ਤੇ ਸ਼ਿਕੰਜਾ ਕਸਿਆ ਜਾਵੇ।ਸੜਕਾਂ ਨੇ ਵਾਹਨਾਂ ਦੀ ਪਾਰਕਿੰਗ ਨੂੰ ਰੋਕਿਆ ਜਾਵੇ।