ਪਟਿਆਲਾ : ਪਟਿਆਲਾ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਨਗਰ ਨਿਗਮ ਵੱਲੋਂ ਗੰਭੀਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਸੰਦਰਭ ਵਿੱਚ ਨਗਰ ਨਿਗਮ ਵਿਖੇ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਵੀਰ ਸਿੰਘ ਦੀ ਅਗਵਾਈ ਵਿੱਚ ਪਲਾਸਟਿਕ ਲਿਫਾਫੇ ਦੇ ਕਾਰੋਬਾਰੀਆਂ ਨਾਲ ਬਹੁਤ ਖੁਸ਼ਨੁਮਾ ਮਾਹੌਲ ਵਿੱਚ ਇੱਕ ਅਹਿਮ ਮੀਟਿੰਗ ਹੋਈ। ਮੀਟਿੰਗ ਵਿੱਚ ਸ਼ਹਿਰ ਦੇ ਕਈ ਪਲਾਸਟਿਕ ਲਿਫਾਫੇ ਆਦਿ ਦੇ ਕਾਰੋਬਾਰੀ, ਨਗਰ ਨਿਗਮ ਅਧਿਕਾਰੀ ਅਤੇ ਹੋਰ ਸਬੰਧਤ ਵਿਅਕਤੀ ਹਾਜ਼ਰ ਸਨ। ਦੱਸ ਦੇਈਏ ਕਿ ਕਾਰੋਬਾਰੀਆ ਨੇ ਖੁਦ ਮੰਨਿਆ ਕਿ ਉਹ 50ਪ੍ਰਤੀਸ਼ਤ ਸਟਾਕ ਖਤਮ ਕਰ ਚੁੱਕੇ ਹਨ ਅਤੇ ਬਾਕੀ ਦਾ ਰਹਿੰਦਾ ਸਟਾਕ 10-12 ਦਿਨ ਵਿਚ ਖਤਮ ਕਰ ਕੇ ਅੱਗੋਂ ਪਲਾਸਟਿਕ ਲਿਫਾਫੇ ਨਹੀਂ ਵੇਚਣਗੇ।
ਮੇਅਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪਲਾਸਟਿਕ ਪ੍ਰਦੂਸ਼ਣ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਸਮੱਸਿਆ ਬਣ ਚੁੱਕੀ ਹੈ। ਖ਼ਾਸ ਕਰਕੇ ਪਲਾਸਟਿਕ ਲਿਫਾਫੇ ਨਾ ਸਿਰਫ਼ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੇ ਹਨ, ਸਗੋਂ ਨਿਕਾਸੀ ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕਰਦੇ ਹਨ। ਗੰਦਗੀ ਅਤੇ ਰੁਕਾਵਟਾਂ ਕਾਰਨ ਸ਼ਹਿਰ ਦੇ ਨਿਵਾਸੀਆਂ ਨੂੰ ਬਾਰਿਸ਼ ਦੇ ਮੌਸਮ ਵਿੱਚ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਨਗਰ ਨਿਗਮ ਦਾ ਮੁੱਖ ਟੀਚਾ ਪਟਿਆਲਾ ਨੂੰ ਪਲਾਸਟਿਕ ਲਿਫਾਫਿਆਂ ਤੋਂ ਮੁਕਤ ਕਰਨਾ ਹੈ। ਉਨ੍ਹਾਂ ਹੋਰਨਾਂ ਕਾਰੋਬਾਰੀਆਂ ਨੂੰ ਇਸ ਮੁਹਿੰਮ ਵਿਚ ਸਾਥ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ 10 ਤੋਂ 12 ਦਿਨਾਂ ਬਾਅਦ ਨਿਗਮ ਵਲੋਂ ਇਸ ਸਬੰਧੀ ਸਖ਼ਤ ਕਾਰਵਾਈ ਦੀ ਸ਼ੁਰੁਆਤ ਕੀਤੀ ਜਾਵੇਗੀ।
ਕਮਿਸ਼ਨਰ ਪਰਮਵੀਰ ਸਿੰਘ ਨੇ ਵੀ ਕਾਰੋਬਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਲਾਸਟਿਕ ਦੀ ਥਾਂ ਕਾਗਜ਼, ਜੂਟ ਜਾਂ ਹੋਰ ਬਾਇਓਡਿਗ੍ਰੇਡੇਬਲ ਵਸਤੂਆਂ ਦੇ ਥੈਲੇ ਵਰਤਣ ਦੀ ਸ਼ੁਰੂਆਤ ਕਰਨ। ਉਨ੍ਹਾਂ ਕਿਹਾ ਕਿ ਜੇ ਸ਼ਹਿਰ ਦੇ ਕਾਰੋਬਾਰੀ ਇਸ ਮੁਹਿੰਮ ਨਾਲ ਜੁੜਦੇ ਹਨ ਤਾਂ ਆਮ ਲੋਕ ਵੀ ਇਸ ਵਿੱਚ ਪੂਰੀ ਤਰ੍ਹਾਂ ਸਹਿਯੋਗ ਕਰਨਗੇ। ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਕੋਈ ਵੀ ਪਲਾਸਟਿਕ ਲਿਫਾਫਿਆਂ ਦਾ ਪ੍ਰਯੋਗ ਜਾਰੀ ਰੱਖਦਾ ਹੈ ਤਾਂ ਉਸ 'ਤੇ ਮੋਟਾ ਜੁਰਮਾਨਾ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਕਾਰੋਬਾਰੀਆਂ ਨੇ ਵੀ ਵਿਸ਼ੇਸ਼ ਤੌਰ ਤੇ ਇਸ ਮੁਹਿੰਮ ਵਿੱਚ ਯੋਗਦਾਨ ਪਾਉਣ ਦਾ ਵਾਅਦਾ ਕਰਦਿਆਂ ਕਿਹਾ ਕਿ ਉਹ ਵਾਤਾਵਰਣ-ਮਿਤ੍ਰ ਸਮਾਨ ਨੂੰ ਆਪਣਾ ਕੇ ਪਟਿਆਲਾ ਨੂੰ ਸਾਫ਼-ਸੁਥਰਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਗੇ।
ਮੀਟਿੰਗ ਦੇ ਆਖ਼ਿਰ ਵਿੱਚ ਮੇਅਰ ਅਤੇ ਕਮਿਸ਼ਨਰ ਨੇ ਸਾਰੇ ਪਟਿਆਲਵੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਅਤੇ ਪਲਾਸਟਿਕ ਦਾ ਪ੍ਰਯੋਗ ਛੱਡ ਕੇ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਦੇ ਇਸ ਮਿਸ਼ਨ ਵਿੱਚ ਭਾਗੀਦਾਰ ਬਣਨ। ਇਸ ਦੇ ਨਾਲ ਹੀ ਸਾਰੇ ਪਟਿਆਲਵੀ ਸਬਜ਼ੀ, ਰਾਸ਼ਨ, ਫਰੂਟ ਆਦਿ ਸਮਾਨ ਲਿਆਉਣ ਲਈ ਕੱਪੜੇ ਜਾਂ ਜੂਟ ਆਦਿ ਦੇ ਬਣੇ ਥੈਲੇ ਵਰਤੋਂ ਵਿੱਚ ਲੇ ਕੇ ਆਉਣ.