ਅੰਮ੍ਰਿਤਸਰ : ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ “ਪੰਜਾਬ ਵਿਚ ਕੇਂਦਰੀ ਸਕੀਮਾਂ ਦੇ ਪ੍ਰਚਾਰ ਪ੍ਰਸਾਰ ਨੂੰ ਬਲ ਪੂਰਵਕ ਬੰਦ ਕਰਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਪੰਜਾਬ ਦੇ ਸਭ ਤੋਂ ਵੱਡੇ ਦੁਸ਼ਮਣ ਬਣ ਗਏ ਹਨ। ਉਨ੍ਹਾਂ ਕਿਹਾ ਕਿ “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਲੋਕਾਂ ਦੀ ਭਲਾਈ ਲਈ ਦਰਜਨਾਂ ਯੋਜਨਾਵਾਂ ਲੈ ਕੇ ਆਈ ਹੈ, ਜਿਨ੍ਹਾਂ ਦਾ ਸਿੱਧਾ ਲਾਭ ਪੰਜਾਬ ਦੇ ਆਮ ਲੋਕਾਂ ਨੂੰ ਮਿਲਣਾ ਸੀ। ਪਰ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਹੰਕਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਰਾਜਨੀਤਿਕ ਹਿੱਤਾਂ ਲਈ ਇਨ੍ਹਾਂ ਸਕੀਮਾਂ ਦੇ ਪ੍ਰਸਾਰ ਨੂੰ ਰੋਕਣ ਲਈ ਹਰ ਹੱਦ ਪਾਰ ਕਰ ਰਹੀ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ “ਭਾਜਪਾ ਦੇ ਸੇਵਾਦਾਰ, ਆ ਗਏ ਆਪਣੇ ਦੁਆਰ” ਮੁਹਿੰਮ ਤਹਿਤ ਪੰਜਾਬ ਭਾਜਪਾ ਹਰ ਪਿੰਡ, ਸ਼ਹਿਰ ਅਤੇ ਸੂਬੇ ਵਿੱਚ ਕੈਂਪ ਲਗਾ ਰਹੀ ਹੈ ਅਤੇ ਕੇਂਦਰੀ ਸਕੀਮਾਂ ਦੇ ਲਾਭ ਲੋਕਾਂ ਨੂੰ ਮੁਫ਼ਤ ਵੰਡ ਰਹੀ ਹੈ। ਪਰ ਭਗਵੰਤ ਮਾਨ ਸਰਕਾਰ ਨੇ ਪੁਲਿਸ ਦੀ ਦੁਰਵਰਤੋਂ ਕਰਦਿਆਂ ਅੰਮ੍ਰਿਤਸਰ, ਸ਼ਾਹਕੋਟ, ਬੱਲੂਆਣਾ, ਦੀਨਾਨਗਰ, ਬਠਿੰਡਾ, ਡੇਰਾਬੱਸੀ, ਮਾਨਸਾ ਸਮੇਤ ਕਈ ਹਲਕਿਆਂ ਵਿੱਚ ਭਾਜਪਾ ਕੈਂਪ ਬੰਦ ਕਰ ਦਿੱਤੇ ਹਨ। ਸਾਬਕਾ ਵਿਧਾਇਕ ਅਤੇ ਭਾਜਪਾ ਓਬੀਸੀ ਮੋਰਚਾ ਸੂਬਾ ਅਤੇ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਨੂੰ ਪੁਲਿਸ ਨੇ ਥੋਬਾ ਪਿੰਡ ਤੋਂ ਹਿਰਾਸਤ ਵਿੱਚ ਲੈ ਕੇ ਰਾਮਦਾਸ ਥਾਣੇ ਲੈ ਗਈ। ਇਸ ਤੋਂ ਇਲਾਵਾ ਅੰਮ੍ਰਿਤਸਰ ਦਿਹਾਤੀ II ਦੇ ਪ੍ਰਧਾਨ ਹਰਦੀਪ ਸਿੰਘ ਗਿੱਲ, ਜਲੰਧਰ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਸਾਬਕਾ ਵਿਧਾਇਕ ਕੇ.ਡੀ. ਭੰਡਾਰੀ ਸਮੇਤ ਕਈ ਆਗੂਆਂ ਦੀ ਗ੍ਰਿਫ਼ਤਾਰੀ ਨੇ ਸੂਬਾ ਸਰਕਾਰ ਦਾ ਅਸਲੀ ਚਿਹਰਾ ਨੰਗਾ ਕਰ ਦਿੱਤਾ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ "ਭਗਵੰਤ ਮਾਨ ਸਰਕਾਰ ਸੱਤਾ ਦੀ ਇੰਨੀ ਆਦੀ ਹੋ ਗਈ ਹੈ ਕਿ ਜਦੋਂ ਪੁਲਿਸ ਭਾਜਪਾ ਵਰਕਰਾਂ 'ਤੇ ਤਸ਼ੱਦਦ ਕਰ ਰਹੀ ਸੀ ਤਾਂ ਔਰਤਾਂ ਨੂੰ ਵੀ ਨਹੀਂ ਬਖ਼ਸ਼ਿਆ ਗਿਆ। ਉਨ੍ਹਾਂ ਕਿਹਾ ਕਿ ਦੀਨਾਨਗਰ ਹਲਕੇ ਦੇ ਥਾਣਾ ਇੰਚਾਰਜ ਵੱਲੋਂ ਭਾਜਪਾ ਮਹਿਲਾ ਵਰਕਰਾਂ ਨਾਲ ਕੀਤਾ ਗਿਆ ਦੁਰਵਿਵਹਾਰ ਇਸ ਗੱਲ ਦਾ ਸਬੂਤ ਹੈ ਕਿ ਇਸ ਸਰਕਾਰ ਨੇ ਬਦਲਾਅ ਨਹੀਂ ਸਗੋਂ ਧੱਕੇਸ਼ਾਹੀ ਲਿਆਂਦੀ ਹੈ।"
ਉਨ੍ਹਾਂ ਕਿਹਾ ਕਿ "ਭਗਵੰਤ ਮਾਨ ਸਰਕਾਰ ਨੂੰ ਲੋਕ ਭਲਾਈ ਸਕੀਮਾਂ ਪ੍ਰਤੀ ਇੰਨੀ ਨਫ਼ਰਤ ਕਿਉਂ ਹੈ? ਪੰਜਾਬ ਦੇ ਲੋਕਾਂ ਨਾਲ ਇੰਨੀ ਦੁਸ਼ਮਣੀ ਕਿਉਂ? ਅਸੀਂ ਡਰਦੇ ਨਹੀਂ ਹਾਂ। ਇਸ ਤਾਨਾਸ਼ਾਹ ਸਰਕਾਰ ਨੂੰ ਸਬਕ ਸਿਖਾਉਣ ਲਈ ਪੰਜਾਬ ਦੀ ਹਰ ਵਿਧਾਨ ਸਭਾ ਵਿੱਚ ਜਲੂਸ ਕੱਢਿਆ ਜਾਵੇਗਾ।" ਇਸ ਪੂਰੇ ਮਾਮਲੇ ਬਾਰੇ, ਭਾਜਪਾ ਵਫ਼ਦ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਲੋਕਾਂ 'ਤੇ ਹੋ ਰਹੇ ਜ਼ੁਲਮ ਬਾਰੇ ਜਾਣਕਾਰੀ ਦਿੱਤੀ।
ਪ੍ਰੋ. ਸਰਚਾਂਦ ਸਿੰਘ ਨੇ ਅੰਤ ਵਿੱਚ ਕਿਹਾ ਕਿ "ਭਾਜਪਾ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰੇਗੀ। ਤੁਹਾਡੀ ਧੱਕੇਸ਼ਾਹੀ ਸਾਨੂੰ ਲੋਕਾਂ ਦੀ ਸੇਵਾ ਕਰਨ ਤੋਂ ਨਹੀਂ ਰੋਕ ਸਕਦੀ। ਭਾਜਪਾ ਦੇ ਸੇਵਕ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਹਰ ਗਲੀ, ਹਰ ਪਿੰਡ ਵਿੱਚ ਲੋਕਾਂ ਤੱਕ ਪਹੁੰਚਾਉਣਗੇ।"