ਅੰਮ੍ਰਿਤਸਰ : ਅੱਖਾਂ ਦੇ ਮਾਹਿਰ ਅਤੇ ਸਮਾਜਿਕ - ਰਾਜਨੀਤਿਕ ਚਿੰਤਕ ਡਾ. ਰਣਬੀਰ ਸਿੰਘ ਨੂੰ ਹੈਦਰਾਬਾਦ ਵਿਖੇ ਆਯੋਜਿਤ ਇਕ ਸਮਾਗਮ ਦੌਰਾਨ ਡੇਸਪ੍ਰਿੰਗ ਥਿਓਲੌਜੀਕਲ ਯੂਨੀਵਰਸਿਟੀ, ਟੈਕਸਾਸ, ਅਮਰੀਕਾ ਨੇ ਸਿੱਖਿਆ ਅਤੇ ਸਮਾਜਿਕ ਸੇਵਾ ਵਿੱਚ ਉਨ੍ਹਾਂ ਵੱਲੋਂ ਪਾਏ ਗਏ ਯੋਗਦਾਨ ਲਈ ਓਨਾਰੇਰੀ ਡਾਕਟਰੇਟ (ਪੀ.ਐਚ.ਡੀ.) ਦੀ ਉਪਾਧੀ ਨਾਲ ਨਿਵਾਜਿਆ ਹੈ।
ਉਹ ਹੈਦਰਾਬਾਦ ਵਿਖੇ ਆਯੋਜਿਤ ਡਾਕਟਰੇਟ ਡਿਗਰੀ ਕਨਵੋਕੇਸ਼ਨ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਵਾਨਾਂ ਨੂੰ ਡਿਗਰੀਆਂ ਪ੍ਰਦਾਨ ਕਰ ਰਹੇ ਸਨ। ਇਸ ਸਮਾਗਮ ਵਿੱਚ ਡਾ. ਰਣਬੀਰ ਸਿੰਘ ਨੂੰ ਓਨਾਰੇਰੀ ਡਾਕਟਰੇਟ ਦੀ ਉਪਾਧੀ GSHSTA ਦੇ ਚੇਅਰਮੈਨ ਅਤੇ ਸੰਸਥਾਪਕ ਡਾ. ਐਮ.ਵੀ. ਪ੍ਰਸਾਦ ਵੱਲੋਂ ਪ੍ਰਦਾਨ ਕੀਤੀ ਗਈ, ਜੋ ਯੂਨੀਵਰਸਿਟੀ ਦੇ ਸਲਾਹਕਾਰ ਬੋਰਡ ਅਤੇ ਸੰਬੰਧਿਤ ਸਾਥੀਆਂ ਦੇ ਅਧਿਕਾਰ ਹੇਠ ਦਿੱਤੀ ਗਈ ਸੀ। ਇਹ ਸਨਮਾਨ ਡਾ. ਸਿੰਘ ਦੀ ਸਿੱਖਿਆ ਦੇ ਖੇਤਰ ਵਿੱਚ ਉੱਚ ਕੋਟੀ ਦੀ ਸੇਵਾ ਅਤੇ ਸਮਾਜਿਕ ਭਲਾਈ ਲਈ ਕੀਤੇ ਅਨਮੋਲ ਯੋਗਦਾਨ ਦੀ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਹੈ।
ਯੂਨੀਵਰਸਿਟੀ ਦੇ ਪ੍ਰਧਾਨ ਡਾ. ਏਡਰੀਅਨ ਨਾਜੇਰਾ ਅਤੇ ਚੇਅਰਮੈਨ ਡਾ. ਡੇਨੀਅਲ ਕਾਰਥਿਕੇਅਨ ਨੇ ਡਾ. ਰਣਬੀਰ ਸਿੰਘ ਦੇ ਸਮਰਪਣ, ਨੇਤ੍ਰਤਵ ਅਤੇ ਸੇਵਾ ਭਾਵਨਾ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ, ਅਤੇ ਕਿਹਾ ਕਿ ਉਨ੍ਹਾਂ ਦਾ ਕੰਮ ਵਿਦਵਾਨਾਂ ਅਤੇ ਸਮਾਜਿਕ ਕਾਰਕੁਨਾਂ ਲਈ ਪ੍ਰੇਰਣਾ ਦਾ ਸਰੋਤ ਹੈ।
ਇਸ ਮੌਕੇ ਡਾ. ਰਣਬੀਰ ਸਿੰਘ ਨੇ ਇਸ ਸਨਮਾਨ ਲਈ ਆਪਣੀ ਗਹਿਰੀ ਖ਼ੁਸ਼ੀ ਪ੍ਰਗਟਾਈ ਅਤੇ ਇਸ ਨੂੰ ਆਪਣੇ ਪਰਿਵਾਰ, ਸਹਿਯੋਗੀਆਂ ਅਤੇ ਉਹਨਾਂ ਸਾਰਿਆਂ ਨੂੰ ਸਮਰਪਿਤ ਕੀਤਾ ਜਿਨ੍ਹਾਂ ਨੇ ਸਿੱਖਿਆ ਅਤੇ ਸਮਾਜਿਕ ਸੇਵਾ ਦੇ ਖੇਤਰ ਵਿੱਚ ਉਨ੍ਹਾਂ ਨਾਲ ਮਿਲ ਕੇ ਕੰਮ ਕੀਤਾ ਹੈ। ਉਨ੍ਹਾਂ ਕਿਹਾ “ਇਹ ਸਨਮਾਨ ਸਿਰਫ਼ ਮੇਰੀ ਵਿਅਕਤੀਗਤ ਪ੍ਰਾਪਤੀ ਨਹੀਂ, ਸਗੋਂ ਸਾਡੇ ਸਾਂਝੇ ਯਤਨਾਂ ਅਤੇ ਸੇਵਾ ਭਾਵਨਾ ਦੀ ਮਾਨਤਾ ਹੈ।” ਗ੍ਰੈਜੂਏਟ ਹੋਣ ਵਾਲੇ ਵਿਦਵਾਨਾਂ ਨੂੰ ਡਿਗਰੀਆਂ ਪ੍ਰਦਾਨ ਕਰਨਾ ਇੱਕ ਮਾਣ ਵਾਲਾ ਪਲ ਸੀ, ਅਤੇ ਮੈਂ ਸਿੱਖਿਆ ਅਤੇ ਸਮਾਜਿਕ ਸੇਵਾਵਾਂ ਵਿੱਚ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ ਹੋਣ ਲਈ ਮੈਂ ਸਭ ਦਾ ਧੰਨਵਾਦ ਕਰਦਾ ਹਾਂ ।