ਸੁਨਾਮ : ਭਾਰਤੀ ਕਮਿਊਨਿਸਟ ਪਾਰਟੀ ਦੇ 25ਵੇਂ ਮਹਾਂ ਸੰਮੇਲਨ ਦੇ ਪ੍ਰਚਾਰ ਲਈ ਪਾਰਟੀ ਆਗੂਆਂ ਅਤੇ ਕਾਰਕੁਨਾਂ ਨੇ ਵੀਰਵਾਰ ਨੂੰ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਦੀ ਸਮਾਰਕ ਤੇ ਸਿਜਦਾ ਕਰਨ ਉਪਰੰਤ ਮੋਟਰਸਾਈਕਲ ਮਾਰਚ ਸ਼ੁਰੂ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ, ਸੁਖਦੇਵ ਸ਼ਰਮਾ, ਐਡਵੋਕੇਟ ਸੰਪੂਰਨ ਸਿੰਘ ਛਾਜਲੀ, ਹਰਦੇਵ ਸਿੰਘ ਬਖ਼ਸ਼ੀਵਾਲਾ, ਨਿਰਮਲ ਸਿੰਘ ਬੱਟੜੀਆਣਾ, ਜਗਦੇਵ ਸਿੰਘ ਬਾਹੀਆ ਅਤੇ ਜੀਤ ਸਿੰਘ ਬੰਗਾ ਨੇ ਦੱਸਿਆ ਕਿ ਭਾਰਤੀ ਕਮਿਊਨਿਸਟ ਪਾਰਟੀ ਦਾ 25ਵੇਂ ਮਹਾਂ ਸਮੇਲਨ 21 ਸਤੰਬਰ ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿਖੇ ਹੋ ਰਿਹਾ ਜਿਸ ਸਬੰਧੀ 21 ਸਤੰਬਰ ਨੂੰ ਮੋਹਾਲੀ ਵਿਖੇ ਇੱਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਅਤੇ ਕਾਰਕੁੰਨ ਸਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਮੋਟਰਸਾਈਕਲ ਮਾਰਚ ਵਿੱਚ ਸੁਨਾਮ ਤੋਂ ਚੱਲਕੇ ਛਾਜਲੀ, ਉਗਰਾਹਾਂ ਅਤੇ ਜਖੇਪਲ ਵਿਖੇ ਰੈਲੀਆਂ ਕਰੇਗਾ। ਇਸ ਤੋਂ ਬਾਅਦ ਇਹ ਜਥਾ ਮਾਨਸਾ ਜ਼ਿਲ੍ਹੇ ਵਿੱਚ ਸ਼ਾਮਲ ਹੋਵੇਗਾ। ਇਸ ਮੌਕੇ ਬੋਲਦਿਆਂ ਸਾਬਕਾ ਵਿਧਾਇਕ ਹਰਦੇਵ ਅਰਸ਼ੀ, ਸੁਖਦੇਵ ਸ਼ਰਮਾ ਤੇ ਬਲਦੇਵ ਸਿੰਘ ਨਿਹਾਲਗੜ੍ਹ ਨੇ ਕਿਹਾ ਪਾਰਟੀ ਨੇ 100 ਸਾਲ ਪੂਰੇ ਕਰ ਲਏ ਹਨ ਸੌ ਸਾਲਾਂ ਵਿੱਚ ਸੀਪੀਆਈ ਨੇ ਅਨੇਕਾਂ ਘੋਲ ਲੜੇ ਹਨ ਅਤੇ ਸਫਲਤਾ ਹਾਸਲ ਕੀਤੀ ਹੈ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਪਾਰਟੀ ਕਾਰਕੁਨਾਂ ਨੂੰ ਮਾਰਕਸਵਾਦ ਦੀ ਸਿੱਖਿਆ ਹਾਸਿਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਕਾਮਰੇਡ ਹਰਦੇਵ ਸਿੰਘ ਬਖ਼ਸ਼ੀਵਾਲਾ, ਸਤਵੰਤ ਸਿੰਘ ਖੰਡੇਬਾਦ ਅਤੇ ਨਿਰਮਲ ਸਿੰਘ ਬੱਟੜਿਆਣਾ ਨੇ ਕਿਸਾਨੀ ਮਸਲਿਆਂ ਦੀ ਗੱਲ ਕਰਦਿਆਂ ਕਿਹਾ ਕਿ ਕਾਰਪੋਰੇਟ ਕਿਸਾਨੀ ਤੇ ਹੋਰ ਕਿਰਤੀ ਲੋਕਾਂ ਦੀ ਜਿੰਦਗੀ ਨੂੰ ਤਬਾਹ ਕਰ ਰਿਹਾ ਹੈ ਕਿਰਤੀਆਂ ਤੋਂ ਉਹਨਾਂ ਦੇ ਕਾਰੋਬਾਰ ਅਤੇ ਕਿਸਾਨਾਂ ਤੋਂ ਜਮੀਨ ਖੋਹਣ ਲਈ ਪੱਬਾ ਭਾਰ ਹੋ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਨੂੰ ਲਾਗੂ ਕਰਨ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਪੂਰਾ ਵਾਹ ਲਾ ਰਹੀਆਂ ਹਨ।