ਸੁਨਾਮ : ਸੰਯੁਕਤ ਕਿਸਾਨ ਮੋਰਚਾ ( ਗੈਰ ਰਾਜਨੀਤਕ ) ਦੇ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਦੇਸ਼ ਭਰ ਦੀਆਂ ਸੈਂਕੜੇ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਅੰਦੋਲਨ ਨਾਲ ਜੁੜੀਆਂ ਕੇਂਦਰ ਸਰਕਾਰ ਵੱਲੋਂ ਮੰਨੀਆਂ ਕਿਸਾਨੀ ਮੰਗਾਂ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਵਾਉਣ ਤੇ ਭਾਰਤ ਅਮਰੀਕਾ ਦੇਸਾਂ ਵਿੱਚ ਹੋਣ ਵਾਲੇ ਟਰੇਡ ਸਮਝੌਤੇ ਵਿਰੁੱਧ ਦਿੱਲੀ ਦੇ ਜੰਤਰ ਮੰਤਰ ਉੱਪਰ 25 ਅਗਸਤ ਨੂੰ ਕੀਤੀ ਜਾਣ ਵਾਲੀ ਕਿਸਾਨ ਮਹਾਂ ਪੰਚਾਇਤ ਦੀਆਂ ਤਿਆਰੀਆਂ ਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਸੁਨਾਮ ਦੀ ਮੀਟਿੰਗ ਬਲਾਕ ਜਨਰਲ ਸਕੱਤਰ ਕੇਵਲ ਸਿੰਘ ਜਵੰਧਾ ਦੀ ਅਗਵਾਈ ਹੇਠ ਡੇਰਾ ਬਾਬਾ ਟੀਕਮ ਦਾਸ ਪਿੰਡ ਉਗਰਾਹਾਂ ਵਿਖੇ ਹੋਈ। ਇਸ ਮੌਕੇ ਬੋਲਦਿਆਂ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ ਐਮਐਸਪੀ ਗਾਰੰਟੀ ਕਾਨੂੰਨ ਸਮੇਤ ਦਿੱਲੀ ਦੇ ਬਾਰਡਰਾਂ ਤੇ 13 ਮਹੀਨੇ ਚੱਲੇ ਸੰਘਰਸ਼ ਦੌਰਾਨ ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਐਸਕੇਐਮ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ 25 ਅਗਸਤ ਨੂੰ ਦਿੱਲੀ ਵਿਖੇ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ। ਕਿਸਾਨ ਮਹਾਂ ਪੰਚਾਇਤ ਵਿੱਚ ਕਿਸਾਨਾਂ ਮਜ਼ਦੂਰਾਂ ਦੀ ਭਰਵੀਂ ਸ਼ਮੂਲੀਅਤ ਕਰਵਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਆਖਿਆ ਕਿ 14 ਮਹੀਨੇ ਦੇ ਕਰੀਬ ਖਨੌਰੀ ਤੇ ਸ਼ੰਭੂ ਬਾਰਡਰਾਂ ਤੇ ਚੱਲੇ ਸੰਘਰਸ਼ ਅਤੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਰੱਖੇ ਮਰਨ ਵਰਤ ਦੇ ਦਬਾਅ ਹੇਠ ਮੰਗਾਂ ਨੂੰ ਲੈਕੇ ਕੇਂਦਰੀ ਮੰਤਰੀਆਂ ਨਾਲ ਮੀਟਿੰਗਾਂ ਦਾ ਦੌਰ ਚੱਲ ਰਿਹਾ ਸੀ ਪਰੰਤੂ ਸਰਕਾਰਾਂ ਵੱਲੋਂ ਸੋਚੀ ਸਮਝੀ ਸਾਜਿਸ਼ ਤਹਿਤ ਆਗੂਆਂ ਨੂੰ ਮੀਟਿੰਗ ਤੇ ਬੁਲਾ ਕੇ ਗ੍ਰਿਫਤਾਰ ਕਰਕੇ ਪੁਲਿਸ ਬਲ ਦੇੇ ਪ੍ਰਯੋਗ ਨਾਲ ਦੋਵੇਂ ਬਾਰਡਰਾਂ ਤੋਂ ਧਰਨਾ ਚੁਕਵਾ ਦਿੱਤਾ ਗਿਆ। ਕਿਸਾਨੀ ਮੰਗਾਂ ਨੂੰ ਲੈਕੇ ਐਸਕੇਐਮ ਗੈਰ ਸਿਆਸੀ ਲਗਾਤਾਰ ਸੰਘਰਸ਼ ਕਰ ਰਿਹਾ ਹੈ ਜਿਸ ਦੇ ਤਹਿਤ ਹੀ ਸਮੁੱਚੇ ਦੇਸ਼ ਦੇ ਕਿਸਾਨਾਂ ਵੱਲੋਂ 25 ਅਗਸਤ ਨੂੰ ਦਿੱਲੀ ਦੇ ਜੰਤਰ ਮੰਤਰ ਤੇ ਕਿਸਾਨ ਮਹਾਂ ਪੰਚਾਇਤ ਕਰਕੇ ਇੱਕ ਰੋਜ਼ਾ ਸ਼ਾਂਤਮਈ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਜਿਸ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਚੋਂ ਵੱਡੀ ਗਿਣਤੀ ਚ ਕਿਸਾਨ ਸ਼ਮੂਲੀਅਤ ਕਰਨਗੇ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਵਿੱਚੋਂ ਵੀ ਹਜ਼ਾਰਾਂ ਕਿਸਾਨਾਂ ਦੇ ਕਾਫ਼ਲਿਆਂ ਨਾਲ ਦਿੱਲੀ ਦੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ ।ਇਸ ਮੌਕੇ ਕ੍ਰਿਸ਼ਨ ਸ਼ਰਮਾ, ਕਸ਼ਮੀਰ ਸਿੰਘ, ਮਲਕੀਤ ਸਿੰਘ ਗੰਢੂਆਂ, ਗੁਰਚਰਨ ਸਿੰਘ ਨਮੋਲ, ਨਾਹਰ ਸਿੰਘ ਸ਼ਾਹਪੁਰ, ਦਲੇਲ ਸਿੰਘ ਚੱਠਾ, ਹਰਬੰਸ ਸਿੰਘ ਖਡਿਆਲ, ਗੁਰਨਾਇਬ ਸਿੰਘ ਜਵੰਧਾ, ਜਗਤਾਰ ਸਿੰਘ ਬਬਲੀ, ਕ੍ਰਿਸ਼ਨ ਸਿੰਘ ਉਗਰਾਹਾਂ, ਭਗਵੰਤ ਸਿੰਘ ਮੈਦੇਵਾਸ, ਦਰਸ਼ਨ ਸਿੰਘ ਛਾਜਲਾ, ਹਰਜਿੰਦਰ ਸਿੰਘ ਮਹਿਲਾ, ਹਾਕਮ ਸਿੰਘ ਨਾਗਰਾ,ਨਸੀਬ ਸਿੰਘ ਜਖੇਪਲ, ਹਰਵਿੰਦਰ ਸਿੰਘ ਭੋਲਾ ਨੀਲੋਵਾਲ, ਅਮਨਦੀਪ ਸਿੰਘ ਸ਼ੇਰੋਂ ਸਮੇਤ ਹੋਰ ਕਿਸਾਨ ਹਾਜ਼ਰ ਸਨ।