ਬਰਨਾਲਾ ਦੇ ਖਿਡਾਰੀਆਂ ਨੇ ਪਿਛਲੇ ਸੀਜ਼ਨਾਂ ਵਿੱਚ ਮੱਲਾਂ ਮਾਰੀਆਂ : ਹਰਿੰਦਰ ਸਿੰਘ ਧਾਲੀਵਾਲ
ਬਰਨਾਲਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਹਰ ਸਾਲ ਵਾਂਗ ਇਸ ਸਾਲ ਵੀ ਕਰਵਾਈਆਂ ਜਾ ਰਹੀਆਂ ‘‘ਖੇਡਾਂ ਵਤਨ ਪੰਜਾਬ ਦੀਆਂ-2025’’ ਦੀ ਮਸ਼ਾਲ ਦਾ ਅੱਜ ਬਰਨਾਲਾ ਦੇ ਪਿੰਡ ਬਡਬਰ ਵਿੱਚ ਵਿਧਾਇਕ ਸ. ਲਾਭ ਸਿੰਘ ਉੱਗੋਕੇ, ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਡਿਪਟੀ ਕਮਿਸ਼ਨਰ ਟੀ. ਬੈਨਿਥ, ਐੱਸ. ਐੱਸ. ਪੀ. ਮੁਹੰਮਦ ਸਰਫ਼ਰਾਜ਼ ਆਲਮ ਅਤੇ ਹੋਰ ਸ਼ਖ਼ਸੀਅਤਾਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਵਿੱਚ ਕਰਾਏ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਵਿਧਾਇਕ ਸ. ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਇਨ੍ਹਾਂ ਖੇਡਾਂ ਦੀ ਸ਼ੁਰੂਆਤ ਮਾਨ ਸਰਕਾਰ ਦਾ ਇਕ ਇਤਿਹਾਸਕ ਉਪਰਾਲਾ ਹੈ। ਓਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੰਸਦ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਸੋਚ ਸਦਕਾ ਇਨ੍ਹਾਂ ਖੇਡਾਂ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਵਿੱਚ ਹਰ ਸਾਲ ਤਿੰਨ ਤਿੰਨ ਪੀੜ੍ਹੀਆਂ ਭਾਗ ਲੈ ਕੇ ਖੇਡਾਂ ਦੇ ਖੇਤਰ ਵਿਚ ਨਵੀਂ ਇਬਾਰਤ ਲਿਖ ਰਹੀਆਂ ਹਨ।
ਇਸ ਮੌਕੇ ਹਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਇਨ੍ਹਾਂ ਖੇਡਾਂ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਸਾਡੇ ਖਿਡਾਰੀ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਨਾਮ ਚਮਕਾ ਰਹੇ ਹਨ।
ਜ਼ਿਲ੍ਹਾ ਬਰਨਾਲਾ ਦੇ ਖਿਡਾਰੀਆਂ ਨੇ ਪਿਛਲੇ ਸਾਲ ਇਨ੍ਹਾਂ ਖੇਡਾਂ ਵਿਚ ਸੂਬਾ ਪੱਧਰ ’ਤੇ 450 ਦੇ ਕਰੀਬ ਤਗ਼ਮੇ ਹਾਸਲ ਕੀਤੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਨੇ ਦੱਸਿਆ ਕਿ ਖੇਡਾਂ ਨੂੰ ਹੁਲਾਰਾ ਦੇਣ ਦਾ ਸੁਨੇਹਾ ਦਿੰਦੀ ਇਹ ਮਸ਼ਾਲ ਸੰਗਰੂਰ ਤੋਂ ਚੱਲੀ ਹੈ ਅਤੇ ਹੁਸ਼ਿਆਰਪੁਰ ਪੁੱਜੇਗੀ ਜਿੱਥੇ ਇਨ੍ਹਾਂ ਖੇਡਾਂ ਦਾ ਉਦਘਾਟਨੀ ਸਮਾਰੋਹ 29 ਅਗਸਤ 2025 ਨੂੰ ਹੋਵੇਗਾ। ਇਹ ਖੇਡਾਂ 3 ਸਤੰਬਰ ਤੋਂ 23 ਨਵੰਬਰ 2025 ਤੱਕ ਸੂਬੇ ਦੇ ਵੱਖ ਵੱਖ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਦੇ ਖੇਡ ਸਟੇਡੀਅਮਾਂ ਵਿੱਚ ਹੋਣਗੀਆਂ।
ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ 37 ਤੋਂ ਵਧੇਰੇ ਖੇਡਾਂ ਦੇ 9 ਉਮਰ ਵਰਗਾਂ ਵਿੱਚ 5 ਲੱਖ ਦੇ ਕਰੀਬ ਖਿਡਾਰੀ ਤਗਮਿਆਂ ਦੀ ਦੌੜ ਵਿੱਚ ਹਿੱਸਾ ਲੈਣਗੇ। ਜੇਤੂਆਂ ਨੂੰ 9 ਕਰੋੜ ਰੁਪਏ ਤੋਂ ਵੱਧ ਰਾਸ਼ੀ ਦੇ ਨਕਦ ਇਨਾਮ ਵੰਡੇ ਜਾਣਗੇ। ਦੱਸਣਯੋਗ ਹੈ ਕਿ ਪਿਛਲੇ ਸਾਲ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਪੈਰਾ ਵਰਗ ਵਿੱਚ ਅਥਲੈਟਿਕਸ, ਬੈਡਮਿੰਟਨ ਅਤੇ ਪਾਵਰਲਿਫਟਿੰਗ ਵਰਗੀਆਂ ਖੇਡਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ।
ਇਸ ਮੌਕੇ ਸਕੂਲੀ ਵਿਦਿਆਰਥੀਆਂ ਵਲੋਂ ਸ਼ਾਨਦਾਰ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ। ਮੰਚ ਸੰਚਾਲਨ ਵਿੱਚ ਗੁਰਵਿੰਦਰ ਕੌਰ (ਵੇਟਲਿਫਟਰ) ਅਤੇ ਡੀ ਪੀ ਈ ਮਲਕੀਤ ਸਿੰਘ ਵਲੋਂ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਅਤੇ ਚੇਅਰਮੈਨ ਯੋਜਨਾ ਬੋਰਡ ਸ. ਪਰਮਿੰਦਰ ਸਿੰਘ ਭੰਗੂ, ਚੇਅਰਮੈਨ ਮਾਰਕੀਟ ਕਮੇਟੀ ਤਪਾ ਤਰਸੇਮ ਸਿੰਘ ਕਾਹਨੇਕੇ, ਚੇਅਰਮੈਨ ਮਾਰਕੀਟ ਕਮੇਟੀ ਭਦੌੜ ਅੰਮ੍ਰਿਤ ਢਿੱਲਵਾਂ, ਜ਼ਿਲ੍ਹਾ ਖੇਡ ਅਫ਼ਸਰ ਮੈਡਮ ਉਮੇਸ਼ਵਰੀ ਸ਼ਰਮਾ, ਡਿਪਟੀ ਡੀ ਈ ਓ ਬਰਜਿੰਦਰ ਪਾਲ ਸਿੰਘ, ਐੱਸ ਪੀ ਰਾਜੇਸ਼ ਛਿੱਬਰ, ਖੇਡ ਵਿਭਾਗ ਦੇ ਅਥਲੈਟਿਕਸ ਕੋਚ ਜਸਪ੍ਰੀਤ ਸਿੰਘ, ਅਜੈ ਨਾਗਰ ਵਾਲਬਾਲ ਕੋਚ, ਤੇਜਪਾਲ ਸਿੰਘ ਰੈਸਲਿੰਗ ਕੋਚ, ਹਰਨੇਕ ਸਿੰਘ ਅਥਲੈਟਿਕਸ ਕੋਚ, ਡੀ ਐਮ ਸਪੋਰਟਸ ਸਿਮਰਦੀਪ ਸਿੰਘ, ਪਿੰਡ ਦੇ ਸਰਪੰਚ ਹਰਬੰਸ ਕੌਰ ਅਤੇ ਹੋਰ ਪੰਚਾਇਤੀ ਮੈਂਬਰ, ਸਕੂਲ ਪ੍ਰਿੰਸੀਪਲ ਅਤੇ ਸਟਾਫ਼ ਤੇ ਪਤਵੰਤੇ ਹਾਜ਼ਰ ਸਨ।