ਪਟਿਆਲਾ : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਪਟਿਆਲਾ ਜ਼ਿਲੇ ਦੇ ਮਾਲ ਅਫ਼ਸਰਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦਿਆਂ ਨਿਰਦੇਸ਼ ਦਿੱਤੇ ਕਿ ਉਹ ਆਪਣੀ ਜਨਰਲ ਡਿਊਟੀ ਦੇ ਨਾਲ-ਨਾਲ ਉਨਾਂ ਕੋਲ ਲੰਬਿਤ ਜ਼ਮੀਨੀ ਤਕਸੀਮ, ਪੈਮਾਇਸ਼, ਖਸਰਾ- ਗਿਰਦਾਵਰੀ ਤੇ ਨੰਬਰਦਾਰੀ ਦੇ ਕੇਸਾਂ ਨੂੰ ਤੈਅ ਸਮੇਂ 'ਚ ਨਿਪਟਾਉਣ।
ਡਾ. ਪ੍ਰੀਤੀ ਯਾਦਵ ਨੇ ਮਾਲ ਅਧਿਕਾਰੀਆਂ ਨੂੰ ਆਪੋ-ਆਪਣੇ ਕੋਰਟ ਕੇਸਾਂ ਦੀ ਜਾਣਕਾਰੀ 'ਰੈਵੇਨਿਊ ਕੋਰਟ ਮੈਨੇਜਮੈਂਟ ਸਿਸਟਮ' 'ਤੇ ਨਾਲੋ-ਨਾਲ ਅਪਡੇਟ ਕਰਨੀ ਯਕੀ਼ਨੀ ਬਣਾਉਣ ਲਈ ਕਿਹਾ। ਉਨਾਂ ਨੇ ਪਟਿਆਲਾ, ਰਾਜਪੁਰਾ, ਸਮਾਣਾ, ਪਾਤੜਾਂ, ਨਾਭਾ ਤੇ ਦੂਧਨ ਸਾਧਾਂ ਦੇ ਐਸ ਡੀ ਐਮਜ਼, ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਅਤੇ ਇਨਾਂ ਤਹਿਤ ਪੈਂਦੀਆਂ ਸਬ ਤਹਿਸੀਲਾਂ ਦੇ ਨਾਇਬ ਤਹਿਸੀਲਦਾਰਾਂ ਨੂੰ ਮਾਲ ਮਹਿਕਮੇ ਨਾਲ ਸਬੰਧਤ ਦਫ਼ਤਰੀ ਕੰਮਾਂ-ਕਾਰਾਂ 'ਚ ਆਮ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਉਣ ਦੇਣੀ ਯਕੀਨੀ ਬਣਾਉਣ ਲਈ ਕਿਹਾ। ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸਰਕਾਰੀ ਦਫ਼ਤਰਾਂ 'ਚ ਆਪਣੇ ਕੰਮ ਕਰਵਾਉਣ ਆਉਂਦੇ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਿਲ ਨਾ ਆਉਣ ਦੇਣ ਦੇ ਨਿਰਦੇਸ਼ਾਂ ਦੀ ਪੂਰੀ ਤਰਾਂ ਪਾਲਣਾ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਮਾਲ ਅਧਿਕਾਰੀਆਂ ਕੋਲ ਲੰਬਿਤ ਪਏ ਇੰਤਕਾਲ ਦੇ ਕੇਸਾਂ, ਜਮਾਂਬੰਦੀਆਂ ਦੀ ਵੈਲੀਡੇਸ਼ਨ, ਪੜਤਾਲਾਂ, ਸੀਨੀਅਰ ਸਿਟੀਜ਼ਨਜ਼ ਦੀਆਂ ਸ਼ਿਕਾਇਤਾਂ ਨਾਲ ਸਬੰਧਤ ਅਪੀਲਾਂ, ਪੈਮਾਇਸ਼ਾਂ, ਤਕਸੀਮਾਂ, ਭਾਰ-ਮੁਕਤ ਅਰਜ਼ੀਆਂ ਤੇ ਮਾਲੀਆ ਵਸੂਲੀਆਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਆਖਿਆ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ, ਐਸ ਡੀ ਐਮ ਪਟਿਆਲਾ ਹਰਜੋਤ ਕੌਰ, ਐਸ ਡੀ ਐਮ ਸਮਾਣਾ ਰਿਚਾ ਗੋਇਲ, ਐਸ ਡੀ ਐਮ ਰਾਜਪੁਰਾ ਅਵਿਕੇਸ਼ ਗੁਪਤਾ, ਐਸ ਡੀ ਐਮ ਨਾਭਾ ਡਾ. ਇਸਮਤ ਵਿਜੈ ਸਿੰਘ, ਜ਼ਿਲਾ ਮਾਲ ਅਫ਼ਸਰ ਨਵਦੀਪ ਸਿੰਘ ਤੋਂ ਇਲਾਵਾ ਜ਼ਿਲੇ ਦੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਵੀ ਮੌਜੂਦ ਸਨ।