ਸ਼ੇਰਪੁਰ : ਪਿਛਲੇ ਲੰਮੇ ਸਮੇਂ ਤੋਂ ਯੁਵਕ ਸੇਵਾਵਾਂ ਕਲੱਬ ਖੇੜੀ ਕਲਾਂ, ਸੰਗਰੂਰ ਦੇ ਨੌਜਵਾਨਾਂ ਨੇ ਆਪਣੇ ਚੋਂਗਿਰਦੇ ਨੂੰ ਸਾਫ ਸਫਾਈ ਪੱਖੋਂ ਸੋਹਣਾ ਦੇਖਣ ਅਤੇ ਦਿਸਣ ਲਈ ਮੁਹਿੰਮ ਚਲਾਈ ਹੋਈ ਹੈ ਅਤੇ ਪਿਛਲੇ ਤਕਰੀਬਨ ਦੋ ਸਾਲਾਂ ਤੋਂ ਸ਼ੇਰਪੁਰ ਅਤੇ ਖੇੜੀ ਕਲਾਂ ਤੇ ਨੌਜਵਾਨਾਂ ਇਕੱਠੇ ਹੋ ਕੇ 'ਕੁੱਖਾਂ ਅਤੇ ਰੁੱਖਾਂ ' ਨੂੰ ਬਚਾਉਣ ਲਈ ਨਸ਼ਾ ਤਸਕਰਾਂ ਖਿਲਾਫ ਇਲਾਕੇ ਭਰ ਵਿੱਚ ਬੇਖੌਫ਼ ਮੁਹਿੰਮ ਵਿੱਢੀ ਹੋਈ ਹੈ ਜਿਸ ਨੂੰ ਕਿ ਪ੍ਰਸ਼ਾਸਨ , ਸਥਾਨਕ ਪੁਲਿਸ ਅਤੇ ਇਲਾਕੇ ਭਰ ਦੇ ਲੋਕਾਂ ਦਾ ਵਡਮੁੱਲਾ ਸਹਿਯੋਗ ਵੀ ਮਿਲ ਰਿਹਾ ਹੈ ਅਤੇ ਇਹਨਾਂ ਨੌਜਵਾਨਾਂ ਨੇ ਅਨੇਕਾਂ ਜ਼ਿੰਦਗੀਆਂ ਨੂੰ ਇਸ ਦਲ-ਦਲ ਵਿੱਚੋਂ ਕੱਢ ਕੇ ਨਵੀਂ ਜਿੰਦਗੀ ਦਿੱਤੀ ਹੈ । ਬੀਤੇ ਦਿਨੀ ਸ਼ੇਰਪੁਰ - ਖੇੜੀ ਕਲਾਂ ਸੜਕ ਤੇ ਆਲੇ ਦੁਆਲੇ ਹੋਏ ਵੱਡੇ ਘਾਹ- ਫੂਸ ਕਾਰਨ ਹੋਏ ਹਾਦਸੇ ਵਿੱਚ ਕਸਬੇ ਨੇੜਲੇ ਪਿੰਡ ਠੁੱਲੀਵਾਲ ਦੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੇ ਐਕਸੀਡੈਂਟ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋਣ ਕਾਰਨ ਇੱਕ ਬਜ਼ੁਰਗ ਅਤੇ 15 ਸਾਲਾਂ ਬੱਚੇ ਦੀ ਮੌਤ ਅਤੇ ਬਜ਼ੁਰਗ ਮਾਤਾ ਦੇ ਗੰਭੀਰ ਜਖਮੀ ਹੋਣ ਦੀ ਘਟਨਾਂ ਨੇ ਨਸ਼ਾ ਰੋਕੂ ਕਮੇਟੀ ਸ਼ੇਰਪੁਰ ਖੇੜੀ ਕਲਾਂ ਦੇ ਨੌਜਵਾਨਾਂ ਨੂੰ ਅਜਿਹਾ ਝੰਝੋੜਿਆ ਕਿ ਉਹਨਾਂ ਸ਼ੇਰਪੁਰ , ਖੇੜੀ ਕਲਾਂ ਤੋਂ ਨੰਗਲ ਤੱਕ ਸੜਕ ਦੇ ਆਲੇ ਦੁਆਲੇ ਦੀ ਸਫ਼ਾਈ ਲਈ ਮੁਹਿੰਮ ਵਿੱਢ ਦਿੱਤੀ । ਸੋਸ਼ਲ ਮੀਡੀਆ ਗਰੁੱਪਾਂ ਵਿੱਚ ਉਹਨਾਂ ਦੀ ਇੱਕ ਆਵਾਜ਼ ਤੇ ਸਮਾਜ ਸੇਵੀ ਅਤੇ ਦਾਨੀ ਸੱਜਣਾਂ ਨੇ 1 ਘੰਟੇ ਵਿੱਚ ਉਹਨਾਂ ਦੀ ਜਰੂਰਤ ਮੁਤਾਬਕ ਸਮਾਨ ਲਈ ਦਿਲ ਖੋਲ ਕੇ ਸਹਿਯੋਗ ਕੀਤਾ। ਇਸ ਸਬੰਧੀ ਹੋਰ ਗੱਲਬਾਤ ਕਰਦਿਆਂ ਕਮੇਟੀ ਦੇ ਮੋਹਰੀ ਆਗੂਆਂ ਬਲਵਿੰਦਰ ਸਿੰਘ ਬਿੰਦਾ ਖੇੜੀ , ਸੰਦੀਪ ਸਿੰਘ ਗੋਪੀ ਗਰੇਵਾਲ ਅਤੇ ਹੋਰਾਂ ਨੇ ਚੋਣਵੇਂ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਲੱਗੇ ਇਹ ਠੀਕਰੀ ਪਹਿਰੇ ਹੀ ਹੁਣ ਸਾਡੇ ਘਰ ਬਣ ਗਏ ਹਨ ਜਿੱਥੋਂ ਵਾਪਸ ਪਰਤਣਾ ਦੂਰ ਦੀ ਗੱਲ ਹੋ ਗਈ , ਅਸੀਂ ਆਪਣੇ ਇਲਾਕੇ ਨੂੰ ਨਸ਼ਾ ਮੁਕਤ ਕਰਨ ਦੇ ਨਾਲ- ਨਾਲ ਵਾਤਾਵਰਨ ਨੂੰ ਬਚਾਉਣ ਲਈ ਵੱਡੀ ਗਿਣਤੀ ਬੂਟੇ ਵੰਡਣ ਦੀ ਮੁਹਿੰਮ ਵੀ ਵਿੱਡੀ ਹੋਈ ਹੈ। ਉਹਨਾਂ ਕਿਹਾ ਅਫਸੋਸ ਉਦੋਂ ਹੁੰਦਾ ਹੈ ਜਦੋਂ ਉਪਰੋਕਤ ਜਿਹੇ ਹਾਦਸੇ ਵਾਪਰਦੇ ਹਨ ਤੇ ਉਹਨਾਂ ਪੀੜਤਾਂ ਨੂੰ ਸੰਭਾਲਣ ਲਈ ਸਾਡੇ ਕੋਲ ਡਾਕਟਰਾਂ , ਐਬੂਲੈਂਸਾਂ ਦੀ ਥੋੜ ਮਹਿਸੂਸ ਹੁੰਦੀ ਹੈ ਜਿਸ ਕਾਰਨ ਕਿੰਨੀਆਂ ਹੀ ਜਾਨਾਂ ਮੌਤ ਦੇ ਮੂੰਹ ਜਾ ਪੈਂਦੀਆਂ ਹਨ । ਉਹਨਾਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ , ਜਿਲਾ ਪ੍ਰਸ਼ਾਸਨ ਤੋਂ ਸ਼ੇਰਪੁਰ ਦੇ ਬਹੁ-ਕਰੋੜੀ ਸਰਕਾਰੀ ਹਸਪਤਾਲ ਲਈ ਲੋੜੀਂਦੇ ਡਾਕਟਰਾਂ ਅਤੇ ਜਰੂਰੀ ਸਾਜੋ ਸਮਾਨ ਦੀ ਭਰਪਾਈ ਲਈ ਅਪੀਲ ਕੀਤੀ ਤਾਂ ਕਿ ਭਵਿੱਖ ਵਿੱਚ ਅੰਝਾਂਈ ਜਾਂਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ। ਨਸ਼ਾ ਰੋਕੂ ਕਮੇਟੀ ਦੇ ਇਸ ਕਾਰਜ ਲਈ ਇਲਾਕੇ ਦੇ ਲੋਕਾਂ , ਧਾਰਮਿਕ , ਸਮਾਜਿਕ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਖੂਬ ਸਲਾਘਾਂ ਕੀਤੀ । ਸਫਾਈ ਮੁਹਿੰਮ ਦੌਰਾਨ ਝੁਵਕ ਸੇਵਾਵਾਂ ਕਲੱਬ ਖੇੜੀ ਕਲਾਂ , ਨਸ਼ਾ ਰੋਕੂ ਕਮੇਟੀ ਅਤੇ ਸਮਾਜ ਸੇਵੀ ਨੌਜਵਾਨਾਂ , ਬਜ਼ੁਰਗਾਂ , ਬੀਬੀਆਂ ਨੇ ਵਡਮੁੱਲਾ ਸਹਿਯੋਗ ਦਿੱਤਾ। ਬਿੰਦਾ ਨੇ ਦੱਸਿਆ ਕਿ ਇਹ ਸਫਾਈ ਮੁਹਿੰਮ ਕੁਝ ਦਿਨ ਲਗਾਤਾਰ ਚੱਲੇਗੀ ਉਹਨਾਂ ਨੌਜਵਾਨਾਂ ਨੂੰ ਵੱਧ ਚੜ ਕੇ ਹਿੱਸਾ ਲੈਣ ਲਈ ਅਪੀਲ ਕੀਤੀ।