ਪਟਿਆਲਾ : ਸ਼ਹਿਰ ਦੀਆ ਤਿੰਨ ਸੰਸਥਾਵਾਂ ਵਲੋਂ ਨਗਰ ਨਿਗਮ ਪਟਿਆਲਾ ਨਾਲ ਮਿਲ ਕੇ ਸ਼ਹਿਰ ਨੂੰ ਰੇਬੀਜ਼ ਤੋਂ ਮੁਕਤ ਕਰਨ ਲਈ ਇਕ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਦੱਸ ਦੇਈਏ ਕਿ ਨਿਗਮ ਵੱਲੋਂ ਤਿੰਨ ਸਮਾਜਸੇਵੀ ਸੰਸਥਾਵਾਂ ਗਾਰਡੀਅਨਸ ਆਫ ਆਲ ਵੋਆਇਸ ਐਨੀਮਲ, ਕਾਵਾ, ਮਿਸ਼ਨ ਰੇਬੀਜ਼ ਨਾਲ ਐਮ.ਓ.ਯੂ.ਸਾਈਨ ਕੀਤਾ ਗਿਆ ਹੈ। ਲੋਕਾਂ ਅਤੇ ਜਾਨਵਰਾਂ ਦੀ ਜਿੰਦਗੀ ਦੀ ਅਹਿਮੀਅਤ ਸਮਝਦਿਆਂ ਡੋਰ ਟੁ ਡੋਰ ਰੇਬੀਜ਼ ਵਾਇਰਸ ਨੂੰ ਮਿਸ਼ਨ ਰੇਬੀਜ਼ ਵੈਕਸੀਨੇਸ਼ਨ ਡਰਾਈਵ ਦੇ ਬੈਨਰ ਹੇਠ ਪੂਰੀ ਤਰ੍ਹਾਂ ਨਾਲ ਖਤਮ ਕਰਨ ਲਈ ਪਟਿਆਲਾ ਦਾ ਨਗਰ ਨਿਗਮ ਪੰਜਾਬ ਵਿਚ ਪਹਿਲੀ ਵਾਰ ਵੱਖਰੀ ਮਿਸਾਲ ਪੇਸ਼ ਕਰ ਰਿਹਾ ਹੈ. ਇਸ ਦੇ ਤਹਿਤ ਆਉਣ ਵਾਲੇ ਚਾਰ ਮਹੀਨਿਆਂ ਵਿੱਚ ਸ਼ਹਿਰ ਨੂੰ ਰੇਬੀਜ਼ ਮੁਕਤ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਮੌਕੇ ਸੰਸਥਾਵਾਂ ਤੋਂ ਪਰਵੀਨ ਓਹਲ, ਪੰਕਜ ਅਰੋੜਾ, ਪਰਾਪਤੀ ਬਜਾਜ, ਸੌਰਵ ਖੋਸਲਾ, ਗੌਰਵ ਖੋਸਲਾ ਵਿਸ਼ੇਸ਼ ਟੂਰ ਤੇ ਮੌਜੂਦ ਸਨ.
ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਇਹ ਸੰਸਥਾਵਾਂ ਵੱਲੋਂ ਆਪਣੇ ਖਰਚੇ ਤੇ ਵੈਟਰਨਰੀ ਡਾਕਟਰ, ਦਵਾਈਆਂ ਅਤੇ ਡਾਗ-ਕੈਚਰ ਟੀਮਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੁਹਿੰਮ 'ਤੇ ਲਗਭਗ 15 ਤੋਂ 17 ਲੱਖ ਰੁਪਏ ਦਾ ਖਰਚਾ ਆਵੇਗਾ, ਜਿਸਦਾ ਵੱਡਾ ਹਿੱਸਾ ਸੰਸਥਾਵਾਂ ਵੱਲੋਂ ਆਪੇ ਹੀ ਕੀਤਾ ਜਾਵੇਗਾ। ਦੂਜੇ ਪਾਸੇ, ਨਗਰ ਨਿਗਮ ਪਟਿਆਲਾ ਵੱਲੋਂ ਟੀਮਾਂ ਨੂੰ ਦੋ ਕਮਰੇ, ਗੱਡੀਆਂ ਅਤੇ ਹੋਰ ਲਾਜ਼ਮੀ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜਿੱਥੇ ਰੇਬੀਜ਼ ਨਾਲ ਇਨਸਾਨਾਂ ਅਤੇ ਕੁੱਤਿਆਂ ਦੀ ਜ਼ਿੰਦਗੀ ਸੁਰੱਖਿਅਤ ਹੁੰਦੀ ਹੈਉਥੇ ਹੀ ਕੁੱਤਿਆਂ ਦੇ ਕੱਟਣ ਵਾਲੇ ਮਾਮਲਿਆਂ ਕਾਰਨ ਮੌਤ ਦਾ ਖ਼ਤਰਾ ਘਟਦਾ ਹੈ।
ਕਮਿਸ਼ਨਰ ਪਰਮਵੀਰ ਸਿੰਘ ਨੇ ਕਿਹਾ ਕਿ ਇਹ ਮੁਹਿੰਮ ਸ਼ਹਿਰ ਦੇ ਨਿਵਾਸੀਆਂ ਦੀ ਸਿਹਤ ਤੇ ਸੁਰੱਖਿਆ ਲਈ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਅਨੁਸਾਰ, ਰੇਬੀਜ਼ ਇੱਕ ਖ਼ਤਰਨਾਕ ਤੇ ਲਾਈਲਾਜ ਬਿਮਾਰੀ ਹੈ ਅਤੇ ਇਸ ਤੋਂ ਬਚਾਅ ਸਿਰਫ਼ ਟੀਕਾਕਰਨ ਰਾਹੀਂ ਹੀ ਸੰਭਵ ਹੈ।ਉਨ੍ਹਾਂ ਇਸ ਮਿਸ਼ਨ ਨੂੰ ਸ਼ਹਿਰ ਵਿੱਚ ਬੇਘਰ ਕੁੱਤਿਆਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਘਟਾਉਣ ਵੱਲ ਵੱਡਾ ਉਪਰਾਲਾ ਦੱਸਿਆ।
ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸਾਂਝੇ ਤੌਰ ਤੇ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮੁਹਿੰਮ ਵਿੱਚ ਪੂਰਾ ਸਹਿਯੋਗ ਕਰਨ। ਜੇਕਰ ਕਿਸੇ ਵੀ ਇਲਾਕੇ ਵਿੱਚ ਬਿਨਾ ਟੀਕਾਕਰਨ ਵਾਲਾ ਕੁੱਤਾ ਵੇਖਣ ਨੂੰ ਮਿਲੇ ਤਾਂ ਉਸਦੀ ਜਾਣਕਾਰੀ ਤੁਰੰਤ ਨਿਗਮ ਜਾ ਇਸ ਮਿਸ਼ਨ ਦੀ ਟੀਮ ਨੂੰ ਦਿੱਤੀ ਜਾਵੇ।
ਇਸ ਮੌਕੇ ਮੇਅਰ ਅਤੇ ਕਮਿਸ਼ਨਰ ਨੇ ਕਿਹਾ ਕਿ ਇਹ ਮੁਹਿੰਮ ਸਿਰਫ਼ ਇੱਕ ਪ੍ਰੋਜੈਕਟ ਨਹੀਂ ਸਗੋਂ ਪਟਿਆਲਾ ਨੂੰ ਰੇਬੀਜ਼ ਮੁਕਤ ਬਣਾਉਣ ਦਾ ਇਤਿਹਾਸਕ ਉਪਰਾਲਾ ਹੈ। ਜੇਕਰ ਨਾਗਰਿਕ, ਸੰਸਥਾਵਾਂ ਅਤੇ ਨਗਰ ਨਿਗਮ ਮਿਲ ਕੇ ਅੱਗੇ ਵਧਣ, ਤਾਂ ਜਲਦੀ ਹੀ ਪਟਿਆਲਾ ਦੇਸ਼ ਦਾ ਪਹਿਲਾ ਰੇਬੀਜ਼ ਮੁਕਤ ਸ਼ਹਿਰ ਬਣ ਸਕਦਾ ਹੈ। ਇਹ ਯਤਨ ਸਿਰਫ਼ ਸਥਾਨਕ ਪੱਧਰ 'ਤੇ ਹੀ ਨਹੀਂ ਸਗੋਂ ਵਿਸ਼ਵ ਸਿਹਤ ਮਿਸ਼ਨ ਵੱਲ ਵੀ ਵੱਡਾ ਯੋਗਦਾਨ ਹੋਵੇਗਾ।