ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਾਹਿਬਾਨਾਂ ਦੀ ਮੌਜੂਦਗੀ ਵਿੱਚ ਕਮੇਟੀ ਦੀ ਕਾਰਜਕਾਰੀ ਮੈਂਬਰ ਬੀਬੀ ਰਣਜੀਤ ਕੌਰ ਨੂੰ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨੋਲੋਜੀ, ਰਾਜੌਰੀ ਗਾਰਡਨ ਦੀ ਚੇਅਰਪਰਸਨ ਨਿਯੁਕਤ ਹੋਣ ਤੇ ਅਤੇ ਸਰਦਾਰ ਅਮਰਜੀਤ ਸਿੰਘ (ਫ਼ਤਿਹ ਨਗਰ) ਨੂੰ ਕੋ-ਚੇਅਰਮੈਨ ਦੀ ਸੇਵਾ ਸੰਭਾਲਣ ਉੱਤੇ ਦਿਲੋਂ ਮੁਬਾਰਕਬਾਦ ਦਿੱਤੀ ਹੈ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਹ ਨਿਯੁਕਤੀਆਂ ਸਿਰਫ਼ ਵਿਅਕਤਿਗਤ ਸਨਮਾਨ ਹੀ ਨਹੀਂ, ਸਗੋਂ ਪੂਰੇ ਸਿੱਖ ਭਾਈਚਾਰੇ ਲਈ ਮਾਣ ਦੀ ਗੱਲ ਹਨ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਆਪਣੇ ਤਜਰਬੇ, ਦ੍ਰਿੜ ਨਿਸ਼ਚੇ ਅਤੇ ਪ੍ਰਬੰਧਕੀ ਯੋਗਤਾਵਾਂ ਨਾਲ ਇਹ ਦੋਵੇਂ ਸ਼ਖ਼ਸੀਅਤਾਂ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨਾਲੋਜੀ ਨੂੰ ਹੋਰ ਉੱਚਾਈਆਂ ਤੱਕ ਲੈ ਜਾਣਗੀਆਂ ਅਤੇ ਵਿਦਿਆਰਥੀਆਂ ਲਈ ਨਵੀਆਂ ਸੰਭਾਵਨਾਵਾਂ ਦੇ ਦਰ ਖੋਲ੍ਹਣਗੀਆਂ।
ਉਨ੍ਹਾਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸਿੱਖ ਸਿੱਖਿਆ ਸੰਸਥਾਵਾਂ ਦਾ ਮੁੱਖ ਉਦੇਸ਼ ਸਿਰਫ਼ ਰੋਜ਼ਗਾਰ-ਮੁੱਖ ਵਿਦਿਆ ਹੀ ਨਹੀਂ, ਸਗੋਂ ਸਿੱਖੀ ਦੇ ਅਸੂਲਾਂ ਅਤੇ ਗੁਰਬਾਣੀ ਦੇ ਪ੍ਰੇਰਣਾਤਮਕ ਜੀਵਨ ਮੁੱਲਾਂ ਨਾਲ ਜੋੜੀ ਹੋਈ ਬਹੁਪੱਖੀ ਸ਼ਖ਼ਸੀਅਤ ਦੀ ਰਚਨਾ ਕਰਨਾ ਵੀ ਹੈ। ਉਨਾਂ ਨੂੰ ਭਰੋਸਾ ਹੈ ਕਿ ਨਵੀਂ ਚੇਅਰਪਰਸਨ ਅਤੇ ਕੋ-ਚੇਅਰਮੈਨ ਇਸ ਧਾਰਨਾ ਨੂੰ ਮਜ਼ਬੂਤੀ ਦੇਣ ਵਿੱਚ ਆਪਣੀ ਅਹਿਮ ਯੋਗਦਾਨ ਪਾਉਣਗੇ।
ਸਰਦਾਰ ਕਾਲਕਾ ਨੇ ਅੰਤ ਵਿੱਚ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾਂ ਸਿੱਖ ਸਿੱਖਿਆ ਅਤੇ ਸਮਾਜਿਕ ਸੇਵਾ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ
ਪਾਉਂਦੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਸਿੱਖ ਨੌਜਵਾਨਾਂ ਦੇ ਸੁਨਹਿਰੀ ਭਵਿੱਖ
ਲਈ ਉਪਰਾਲੇ ਜਾਰੀ ਰੱਖੇਗੀ।