Wednesday, November 26, 2025

Malwa

ਪੰਜਾਬ ਸਰਕਾਰ ਵੱਲੋਂ "ਖੇਡਾਂ ਵਤਨ ਪੰਜਾਬ ਦੀਆਂ-2025" ਦੀ ਸਮਾਂ ਸਾਰਨੀ ਜਾਰੀ 

August 19, 2025 08:29 PM
SehajTimes
 
 
ਐਨੇ ਵੱਡੇ ਪੱਧਰ ‘ਤੇ ਇਸ ਖੇਡ ਮੇਲੇ ਨੂੰ ਕਰਵਾਉਣ ਦਾ ਉਦੇਸ਼ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲਾਉਣਾ ਹੈ ਤਾਂ ਜੋ ਉਨ੍ਹਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਕੀਤਾ ਜਾ ਸਕੇ
 
ਸੰਗਰੂਰ : ਪੰਜਾਬ ਸਰਕਾਰ ਵੱਲੋਂ "ਖੇਡਾਂ ਵਤਨ ਪੰਜਾਬ ਦੀਆਂ-2025" ਅਧੀਨ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰੀ ਖੇਡਾਂ ਕਰਵਾਉਣ ਦੀ ਸਮਾਂ ਸਾਰਨੀ ਜਾਰੀ ਕਰ ਦਿੱਤੀ ਗਈ ਹੈ। ਇਹ ਖੇਡਾਂ 3 ਸਤੰਬਰ ਤੋਂ 23 ਨਵੰਬਰ, 2025 ਤੱਕ ਸੂਬੇ ਦੇ ਵੱਖ ਵੱਖ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੇ ਖੇਡ ਸਟੇਡੀਅਮਾਂ ਵਿੱਚ ਕਰਵਾਏ ਜਾਣਗੇ। ਸੰਗਰੂਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡ ਵਿਭਾਗ, ਪੰਜਾਬ ਵੱਲੋਂ ਜਾਰੀ ਪੱਤਰ ਅਨੁਸਾਰ ਇਹਨਾਂ ਖੇਡਾਂ ਦੀ ਸ਼ੁਰੂਆਤ 29 ਅਗਸਤ, 2025 ਨੂੰ ਹੁਸ਼ਿਆਰਪੁਰ ਤੋਂ ਹੋਵੇਗੀ। ਇਹਨਾਂ ਖੇਡਾਂ ਦੀ ਸ਼ੁਰੂਆਤ ਤੋਂ ਪਹਿਲਾਂ ਟਾਰਚ ਰਿਲੇਅ ਕੀਤੀ ਜਾਣੀ ਹੈ ਜੋ ਕਿ 20 ਅਗਸਤ ਨੂੰ ਜ਼ਿਲ੍ਹਾ ਸੰਗਰੂਰ ਤੋਂ ਸ਼ੁਰੂ ਹੋਵੇਗੀ। ਟਾਰਚ ਰਿਲੇਅ ਸਵੇਰੇ 10:00 ਵਜੇ ਵਾਰ ਹੀਰੋਜ਼ ਸਟੇਡੀਅਮ, ਸੰਗਰੂਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਹ ਟਾਰਚ ਰਿਲੇਅ ਸੂਬੇ ਦੇ ਸਾਰੇ ਜ਼ਿਲ੍ਹਿਆਂ ਤੋਂ ਹੁੰਦੀ ਹੋਈ 29 ਅਗਸਤ ਨੂੰ ਹੁਸ਼ਿਆਰਪੁਰ ਵਿਖੇ ਸਮਾਪਤ ਹੋਵੇਗੀ। ਦੱਸਣਯੋਗ ਹੈ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ 37 ਤੋਂ ਵਧੇਰੇ ਖੇਡਾਂ ਦੇ ਨੌਂ ਉਮਰ ਵਰਗਾਂ ਵਿੱਚ 5 ਲੱਖ ਦੇ ਕਰੀਬ ਖਿਡਾਰੀ ਤਗਮਿਆਂ ਦੀ ਦੌੜ ਵਿੱਚ ਹਿੱਸਾ ਲੈਣਗੇ। ਜੇਤੂਆਂ ਨੂੰ 9 ਕਰੋੜ ਰੁਪਏ ਤੋਂ ਵੱਧ ਰਾਸ਼ੀ ਦੇ ਨਕਦ ਇਨਾਮ ਵੰਡੇ ਜਾਣਗੇ। ਇਹ ਵੀ ਦੱਸਣਯੋਗ ਹੈ ਕਿ ਪਿਛਲੇ ਸਾਲ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਪੈਰਾ ਵਰਗ ਵਿੱਚ ਅਥਲੈਟਿਕਸ, ਬੈਡਮਿੰਟਨ ਅਤੇ ਪਾਵਰਲਿਫਟਿੰਗ ਵਰਗੀਆਂ ਖੇਡਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਐਨੇ ਵੱਡੇ ਪੱਧਰ ‘ਤੇ ਇਸ ਖੇਡ ਮੇਲੇ ਨੂੰ ਕਰਵਾਉਣ ਦਾ ਉਦੇਸ਼ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲਾਉਣਾ ਹੈ ਤਾਂ ਜੋ ਉਨ੍ਹਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਕੀਤਾ ਜਾ ਸਕੇ। ਇਹ ਖੇਡਾਂ ਨੌਜਵਾਨਾਂ ਨੂੰ ਖੇਡ ਖੇਤਰ ਵਿੱਚ ਆਪਣੇ ਹੁਨਰ ਨੂੰ ਹੋਰ ਨਿਖ਼ਾਰਨ ਦਾ ਮੌਕਾ ਪ੍ਰਦਾਨ ਕਰਨਗੀਆਂ। ਉਹਨਾਂ ਜ਼ਿਲ੍ਹਾ ਸੰਗਰੂਰ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਸੱਦਾ ਦਿੱਤਾ ਕਿ ਉਹ ਇਹਨਾਂ ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ।

Have something to say? Post your comment