ਪਟਿਆਲਾ : ਐਸ.ਬੀ.ਆਈ. ਆਰਸੇਟੀ ਪਟਿਆਲਾ ਵੱਲੋਂ ਪਸ਼ੂ ਪਾਲਣ ਅਤੇ ਵਰਮੀ ਕੰਪੋਸਟ(ਡੇਅਰੀ ਫਾਰਮਿੰਗ) ਕੋਰਸ ਦੀ 345ਵੇਂ ਬੈਚ ਦੀ ਸਮਾਪਤੀ ਸਫ਼ਲਤਾਪੂਰਵਕ ਕੀਤੀ ਗਈ। ਇਹ ਕੋਰਸ 10 ਜੁਲਾਈ ਤੋਂ ਸ਼ੁਰੂ ਹੋਇਆ ਸੀ ਜਿਸ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਆਤਮਨਿਰਭਰ ਬਨਾਉਣਾ ਅਤੇ ਉਹਨਾਂ ਨੂੰ ਪਸ਼ੂ ਪਾਲਣ ਤੇ ਵਰਮੀ ਕੰਪੋਸਟਿੰਗ ਵਰਗੀਆਂ ਤਕਨੀਕਾਂ ਬਾਰੇ ਤਜਰਬਾ ਦੇਣਾ ਸੀ ।
ਆਰਸੇਟੀ ਦੇ ਡਾਇਰੈਕਟਰ ਭਗਵਾਨ ਸਿੰਘ ਵਰਮਾ ਦੀ ਅਗਵਾਈ ਵਿੱਚ ਇਹ ਕੋਰਸ ਕਰਵਾਇਆ ਗਿਆ । ਕੋਰਸ ਦੇ ਕੋਆਰਡੀਨੇਟਰ ਹਰਦੀਪ ਸਿੰਘ ਰਾਏ , ਬਲਜਿੰਦਰ ਸਿੰਘ ਅਤੇ ਡਾ ਸੁਖਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਥਿਊਰੀ ਅਤੇ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ। ਕੋਰਸ ਦੀ ਰੋਜ਼ਾਨਾਂ ਕਾਰਵਾਈ ਵਿੱਚ ਹੋਰ ਸਟਾਫ ਮੈਂਬਰਾਂ ਅਟੈਡੈਂਟ ਜਸਵਿੰਦਰ ਸਿੰਘ, ਆਫ਼ਿਸ ਐਸਿਸਟੈਂਟ ਅਜੀਤਇੰਦਰ ਅਤੇ ਸੁਮਿਤ ਜੋਸ਼ੀ ਨੇ ਵੀ ਆਪਣਾ ਯੋਗਦਾਨ ਦਿੱਤਾ ।
ਇਸ ਇਕ ਮਹੀਨੇ ਤੋਂ ਵੱਧ ਚੱਲੇ ਟ੍ਰੇਨਿੰਗ ਕੋਰਸ ਦੌਰਾਨ ਵਿਦਿਆਰਥੀਆਂ ਨੂੰ ਥਿਊਰੀ ਤੋਂ ਇਲਾਵਾ ਪ੍ਰੈਕਟੀਕਲ ਸਿਖਲਾਈ ਅਤੇ ਖੇਤਰੀ ਫੀਲਡ ਵਿਜ਼ਿਟ ਵੀ ਕਰਵਾਏ ਗਏ । ਕੋਰਸ ਦੌਰਾਨ ਵਿਦਿਆਰਥੀਆਂ ਨੇ ਵਰਮੀ ਕੰਪੋਸਟਿੰਗ ਦੇ ਲਾਭਾਂ, ਪਸ਼ੂ ਪਾਲਣ ਦੀ ਆਧੂਨਿਕ ਤਕਨੀਕ, ਪਸ਼ੂਆਂ ਦੀ ਸਿਹਤ ਸੰਭਾਲ ਅਤੇ ਮਾਰਕਿਟਿੰਗ ਨਾਲ ਜੁੜੇ ਖੇਤਰਾਂ ਸਬੰਧੀ ਪੂਰੀ ਜਾਣਕਾਰੀ ਹਾਸਲ ਕੀਤੀ ।
ਸਮਾਪਨ ਸਮਾਰੋਹ ਦੌਰਾਨ ਸਮੂਹ ਉਮੀਦਵਾਰਾਂ ਨੂੰ ਸਰਟੀਫਿਕੇਟ ਵੰਡੇ ਗਏ। ਸਮਾਰੋਹ ਵਿੱਚ ਮੁੱਖ ਮਹਿਮਾਨ ਡਾ ਜਸਵੀਰ ਸਿੰਘ ਜੋ ਕਿ ਐਸ.ਬੀ.ਆਈ. ਆਰਸੇਟੀ ਦੇ ਸਾਬਕਾ ਡਾਇਰੈਕਟਰ ਵੀ ਰਹਿ ਚੁੱਕੇ ਹਨ , ਨੇ ਵਿਦਿਆਰਥੀਆਂ ਦੀ ਲਗਨ ਅਤੇ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਆਤਮਨਿਰਭਰ ਹੋਣ ਲਈ ਪ੍ਰੇਰਿਤ ਕੀਤਾ ।
ਆਰਸੇਟੀ ਦੇ ਡਾਇਰੈਕਟਰ ਭਗਵਾਨ ਸਿੰਘ ਵਰਮਾ ਨੇ ਦੱਸਿਆ ਕਿ ਭਵਿੱਖ ਵਿੱਚ ਹੋਣ ਵਾਲੇ ਹੋਰ ਕੋਰਸਾਂ ਦੀ ਜਾਣਕਾਰੀ ਲਈ, ਜ਼ਿਲ੍ਹਾ ਪਟਿਆਲਾ ਦੇ ਨੌਜਵਾਨ ਐਸ.ਬੀ.ਆਈ.ਆਰਸੇਟੀ ਪਟਿਆਲਾ ਫੋਨ ਨੰ: 0175-2970369 , ਈ ਮੇਲ rsetipat@gmail.com ਤੇ ਸੰਪਰਕ ਕਰ ਸਕਦੇ ਹਨ ।