ਚੰਡੀਗੜ੍ਹ : ਪੰਜਾਬੀ ਦੇ ਪ੍ਰਸਿੱਧ ਗਜ਼ਲਕਾਰ ਅਤੇ ਕਵੀ ਸਿਰੀ ਰਾਮ ਅਰਸ਼ ਦਾ ਦੇਹਾਂਤ ਹੋ ਗਿਆ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਉਨ੍ਹਾਂ ਦੀ ਵਿਦਾਇਗੀ ਨੂੰ ਪੰਜਾਬੀ ਸਾਹਿਤ ਜਗਤ ਲਈ ਅਸਹਿ ਨੁਕਸਾਨ ਦੱਸਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਸਿਰੀ ਰਾਮ ਅਰਸ਼ ਦੀਆਂ ਰਚਨਾਵਾਂ ਪੰਜਾਬੀ ਸਾਹਿਤ ਦਾ ਅਮੁੱਲ ਖ਼ਜ਼ਾਨਾ ਹਨ । ਉਨ੍ਹਾਂ ਦੀਆਂ ਸੰਵੇਦਨਸ਼ੀਲ ਅਤੇ ਸਮਾਜਿਕ ਸਰੋਕਾਰਾਂ ਨਾਲ ਭਰਪੂਰ ਗਜ਼ਲਾਂ ਨੇ ਸਮਾਜਿਕ ਅਸਮਾਨਤਾ, ਗਰੀਬੀ ਅਤੇ ਮਨੁੱਖੀ ਸੰਘਰਸ਼ ਵਰਗੇ ਵਿਸ਼ਿਆਂ ਨੂੰ ਗਹਿਰੀ ਸੋਚ ਅਤੇ ਸੁੰਦਰਤਾ ਨਾਲ ਪੇਸ਼ ਕੀਤਾ। ਉਨ੍ਹਾਂ ਦੀ ਸ਼ਾਇਰੀ ਵਿੱਚ ਮਾਨਵਤਾਵਾਦੀ ਸੁਨੇਹੇ ਅਤੇ ਸਮਾਜਿਕ ਜਾਗਰੂਕਤਾ ਨੇ ਪਾਠਕਾਂ ਦੇ ਦਿਲਾਂ ’ਤੇ ਗਹਿਰਾ ਅਸਰ ਕੀਤਾ।
ਕੇਂਦਰੀ ਪੰਜਾਬੀ ਲੇਖਕ ਸਭਾ ਨੇ ਸਿਰੀ ਰਾਮ ਅਰਸ਼ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਸਾਹਿਤ ਦੀ ਅਮਰ ਵਿਰਾਸਤ ਹਨ ਅਤੇ ਉਹ ਸਾਹਿਤ ਪ੍ਰੇਮੀਆਂ ਦੇ ਦਿਲਾਂ ਵਿੱਚ ਸਦਾ ਜਿਉਂਦੇ ਰਹਿਣਗੇ।