ਕਿਹਾ ਪੁਲਿਸ ਦੋਸ਼ੀਆਂ ਨੂੰ ਨਹੀਂ ਕਰ ਰਹੀ ਗ੍ਰਿਫਤਾਰ
ਸਾਢੇ ਪੰਜ ਸਾਲ ਪਹਿਲਾਂ ਹੋਇਆ ਸੀ ਵਿਆਹ
ਡੀਐਸਪੀ ਦੇ ਭਰੋਸੇ ਮਗਰੋਂ ਧਰਨਾ ਕੀਤਾ ਸਮਾਪਤ
ਸੁਨਾਮ : ਵਿਆਹ ਕਰਵਾਕੇ ਮੁੰਡੇ ਨੂੰ ਕੈਨੇਡਾ ਲਿਜਾਣ ਤੋਂ ਕੁੜੀ ਵੱਲੋਂ ਮੁੱਕਰ ਜਾਣ ਤੇ ਪੁਲਿਸ ਵੱਲੋਂ ਪੀੜਤ ਪਰਿਵਾਰ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤੇ ਜਾਣ ਦੇ ਬਾਵਜੂਦ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈਕੇ ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਪੀੜਤ ਪਰਿਵਾਰ ਸਣੇ ਚੀਮਾਂ ਥਾਣੇ ਮੂਹਰੇ ਧਰਨਾ ਦਿੱਤਾ। ਧਰਨਾਕਾਰੀ ਵਿਆਹ ਦੀ ਆੜ ਹੇਠ ਠੱਗੀ ਮਾਰਨ ਵਾਲੀ ਕੁੜੀ ਸਮੇਤ ਉਸਦੇ ਮਾਪਿਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ। ਦੱਸਿਆ ਗਿਆ ਹੈ ਕਿ ਗੁਰਜੀਤ ਸਿੰਘ ਵਾਸੀ ਚੀਮਾਂ ਦੇ ਬਿਆਨਾਂ ਤੇ ਉਸਦੀ ਕੈਨੇਡਾ ਗਈ ਪਤਨੀ ਗਗਨਦੀਪ ਕੌਰ ਤੇ ਉਸਦੇ ਪਰਿਵਾਰਕ ਮੈਂਬਰਾਂ ਖਿਲਾਫ 14 ਜੁਲਾਈ 2025 ਨੂੰ ਪੁਲਿਸ ਨੇ ਮਾਮਲਾ ਦਰਜ਼ ਕੀਤਾ ਹੈ।ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਰਣ ਸਿੰਘ ਚੱਠਾ ਨੇ ਦੱਸਿਆ ਕਿ ਗੁਰਜੀਤ ਸਿੰਘ ਵਾਸੀ ਚੀਮਾ ਦਾ ਵਿਆਹ 2 ਜਨਵਰੀ 2020 ਨੂੰ ਗਗਨਦੀਪ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਹੀਰੋ ਕਲਾਂ ਜ਼ਿਲਾ ਮਾਨਸਾ ਦੀ ਆਈਲੈਟਸ ਪਾਸ ਕੁੜੀ ਨਾਲ ਹੋਇਆ ਸੀ, ਉਸਦੇ ਸਹੁਰਾ ਪਰਿਵਾਰ ਨੇ ਵਿਆਹ ਦਾ ਖਰਚਾ ਅਤੇ ਲੜਕੀ ਨੂੰ ਵਿਦੇਸ਼ ਭੇਜਣ ਦਾ ਸਾਰਾ ਖਰਚਾ ਮੁੰਡੇ ਦੇ ਪਰਿਵਾਰ ਤੇ ਕਰਵਾਇਆ ਜਿਸ ਅਨੁਸਾਰ ਵਿਆਹ ਤੋ ਬਾਅਦ ਲੜਕੀ ਦੇ ਪਿਤਾ ਜਗਤਾਰ ਸਿੰਘ ਨੇ ਆਪਣੀ ਲੜਕੀ ਦੀ ਫਾਇਲ ਦਾ ਖਰਚਾ 17 ਲੱਖ ਰੁਪਏ ਕਥਿਤ ਤੌਰ ਤੇ ਠੱਗੀ ਮਾਰਨ ਦੇ ਇਰਾਦੇ ਨਾਲ ਮੁੰਡੇ ਦੇ ਪਰਿਵਾਰ ਤੋਂ ਲਏ ਅਤੇ ਬਾਕੀ 6 ਲੱਖ ਰੁਪਏ ਗਗਨਦੀਪ ਕੌਰ ਨੂੰ ਬਾਹਰ ਭੇਜਣ ਸਮੇਂ ਖਰਚ ਕਰਵਾਏ। ਇਹ ਸਾਰੇ ਪੈਸਿਆਂ ਦਾ ਇੰਤਜ਼ਾਮ ਗੁਰਜੀਤ ਸਿੰਘ ਦੇ ਪਿਤਾ ਨੇ ਆਪਣੀ ਜ਼ਮੀਨ ਵੇਚ ਕੇ ਕੀਤਾ ਸੀ। ਉਨ੍ਹਾਂ ਆਖਿਆ ਕਿ ਜਾਣ ਤੋਂ ਪਹਿਲਾਂ ਗਗਨਦੀਪ ਕੌਰ ਅਤੇ ਉਸਦੇ ਪਿਤਾ ਨੇ ਵਾਅਦਾ ਕੀਤਾ ਸੀ ਕਿ ਉਹ ਜਲਦੀ ਹੀ ਗੁਰਜੀਤ ਸਿੰਘ ਨੂੰ ਆਪਣੇ ਕੋਲ ਵਿਦੇਸ਼ ਬੁਲਾ ਲਵੇਗੀ ਪਰ ਵਾਰ ਵਾਰ ਗੱਲਬਾਤ ਕਰਨ ਤੇ ਉਹ ਵਿਦੇਸ਼ ਬੁਲਾਉਣ ਲਈ ਲਾਰੇ ਲਾਉਂਦੇ ਰਹੇ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ 5 ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਨਾ ਤਾਂ ਗਗਨਦੀਪ ਕੌਰ ਨੇ ਗੁਰਜੀਤ ਸਿੰਘ ਨੂੰ ਵਿਦੇਸ਼ ਬੁਲਾ ਰਹੀ ਹੈ ਤੇ ਨਾ ਹੀ ਪੈਸੇ ਵਾਪਿਸ ਕਰ ਰਹੀ ਹੈ।ਉਨ੍ਹਾਂ ਆਖਿਆ ਕਿ 24 ਮਾਰਚ 2025 ਨੂੰ ਦੋਵੇਂ ਧਿਰਾਂ ਦਾ ਪੰਚਾਇਤੀ ਰਾਜ਼ੀਨਾਮਾ ਵੀ ਹੋਇਆ ਸੀ ਪਰੰਤੂ ਗੁਰਜੀਤ ਸਿੰਘ ਦਾ ਸਹੁਰਾ ਪਰਿਵਾਰ ਉਸ ਤੋਂ ਵੀ ਮੁਕਰ ਗਿਆ। ਕਿਸਾਨ ਆਗੂ ਚੱਠਾ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਨੂੰ ਉਕਤ ਮਾਮਲੇ ਸਬੰਧੀ ਦਿੱਤੀ ਦਰਖਾਸਤ ਦੀ ਜਾਂਚ ਬਾਅਦ ਗਗਨਦੀਪ ਕੌਰ, ਉਸਦੇ ਮਾਤਾ ਪਿਤਾ ਤੇ ਦੋ ਭਰਾਵਾਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ 24 ਜੁਲਾਈ 2025 ਨੂੰ ਪਰਚਾ ਦਰਜ ਹੋਇਆ ਸੀ ਪਰ ਅਜੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਜੇਕਰ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਨਾ ਹੋਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਇਸੇ ਦੌਰਾਨ ਡੀਐਸਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ। ਇਸ ਮੌਕੇ ਕੇਵਲ ਸਿੰਘ ਜਵੰਧਾ, ਜਰਨੈਲ ਸਿੰਘ ਸ਼ਾਹਪੁਰ ਕਲਾਂ, ਹਰਬੰਸ ਸਿੰਘ ਖਡਿਆਲ, ਹਰਜਿੰਦਰ ਸਿੰਘ , ਹਰਵਿੰਦਰ ਸਿੰਘ ,ਕਰਮ ਸਿੰਘ ਨਮੋਲ, ਭਗਵੰਤ ਸਿੰਘ ਮੈਦੇਵਾਸ, ਗੁਰਬਚਨ ਸਿੰਘ ਨਮੋਲ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।