ਖਨੌਰੀ : ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਅਤੇ ਰੋਡ ਕਿਸਾਨ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਅਤੇ ਕਿਸਾਨਾਂ ਦੀ ਇੱਕ ਮੀਟਿੰਗ ਗੁਰਦੁਆਰਾ ਨਾਮ ਜਪ ਸਾਹਿਬ ਸ਼ੁਤਰਾਣਾ ਪਿੰਡ ਵਿਖੇ ਹੋਈ। ਜਿਸ ਵਿੱਚ ਦਿੱਲੀ ਕਟੜਾ ਐਕਸਪ੍ਰੈਸ ਵੇਅ ਨਾਲ ਸਬੰਧਤ ਕਿਸਾਨਾਂ ਦੇ ਰਸਤੇ, ਧਰਤੀ ਹੇਠ ਦੱਬੀਆਂ ਪਾਣੀ ਵਾਲੀਆਂ ਪਾਈਪਾਂ ਦੀ ਪੇਮੈਂਟ, ਕਮਿਸ਼ਨਰ ਸਾਹਿਬ ਦੇ ਚੱਲ ਰਹੇ ਕੇਸਾਂ ਅਤੇ ਕਿਸਾਨਾਂ ਦੀਆਂ ਹੋਰ ਜਾਇਜ਼ ਮੰਗਾਂ ਨੂੰ ਲੈ ਕੇ ਵਿਚਾਰਾਂ ਕੀਤੀਆਂ ਗਈਆਂ। ਇਥੇ ਦੱਸਣਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਘੱਗੇ ਰੋਡ ਦਾ ਕੰਮ ਆਜ਼ਾਦ ਜਥੇਬੰਦੀ ਵੱਲੋਂ ਬੰਦ ਕਰਵਾਇਆ ਹੋਇਆ ਹੈ। ਅੱਜ ਦੀ ਮੀਟਿੰਗ ਵਿੱਚ ਸਾਰੇ ਪਿੰਡਾਂ ਵਿੱਚ ਪੰਜ ਪੰਜ ਮੈਂਬਰੀ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਕੀਤਾ ਗਿਆ। ਉਸ ਤੋਂ ਬਾਅਦ ਆਜ਼ਾਦ ਜਥੇਬੰਦੀ ਦੇ ਆਗੂਆਂ ਅਤੇ ਰੋਡ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਦੀ ਇੱਕ ਸਾਂਝੀ ਐਕਸ਼ਨ ਕਮੇਟੀ ਦੇ ਗਠਨ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਅਗਲੇ ਹਫਤੇ ਵਿੱਚ ਇਸ ਮਾਰਗ ਦਾ ਦੂਜੇ ਪਿੰਡਾਂ ਵਿੱਚ ਜੋ ਕੰਮ ਚੱਲ ਰਿਹਾ ਉਸ ਨੂੰ ਬੰਦ ਕਰਵਾਏ ਜਾਣ ਦਾ ਫੈਸਲਾ ਲਿਆ ਗਿਆ ਤਾਂ ਕਿ ਸੰਘਰਸ਼ ਕਰਕੇ ਰਹਿੰਦੀਆਂ ਮੰਗਾਂ ਦੀ ਪ੍ਰਾਪਤੀ ਕੀਤੀ ਜਾ ਸਕੇ। ਇਸ ਮੌਕੇ ਅਮਰਿੰਦਰ ਸਿੰਘ ਘੱਗਾ, ਅਮਨਦੀਪ ਸਿੰਘ, ਸੁਰਜੀਤ ਸਿੰਘ ਤੰਬੂ ਵਾਲਾ, ਪ੍ਰਿਤਪਾਲ ਸਿੰਘ ਤੰਬੂ ਵਾਲਾ, ਜੀਵਨ ਸਿੰਘ ਸ਼ੁਤਰਾਣਾ, ਗੁਰਭੇਜ ਸਿੰਘ ਦੁਤਾਲ, ਕੁਲਦੀਪ ਸਿੰਘ ਅਤਾਲਾ, ਜ਼ੋਰਾਵਰ ਸਿੰਘ ਠਰੂਆ ਹਾਜ਼ਰ ਸਨ।