ਕੁਰਾਲੀ : ਸਥਾਨਕ ਸ਼ਹਿਰ ਦੇ ਗੁਰਦੁਆਰਾ ਸ਼੍ਰੀ ਹਰਗੋਬਿੰਦਗੜ ਸਾਹਿਬ ਵਿਖੇ ਅੱਜ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਡੈਲੀਕੇਟ ਅਤੇ ਜ਼ਿਲ੍ਹਾ ਡੈਲੀਕੇਟਾਂ ਦੀ ਮੀਟਿੰਗ ਦੌਰਾਨ ਹਾਜ਼ਰ ਬੁਲਾਰੇ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਨਤਮਸਤਕ ਹੋਣ ਸਮੇਂ ਮੀਟਿੰਗ ਹਾਲ ਵਿੱਚ ਮੀਟਿੰਗ ਕਰਨ ਤੋਂ ਰੋਕਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵਰੇ। ਇਸ ਮੀਟਿੰਗ ਦੌਰਾਨ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਭਜਨ ਸਿੰਘ ਸ਼ੇਰਗਿੱਲ, ਹਰਬੰਸ ਸਿੰਘ ਕੰਧੋਲਾ, ਮਨਜੀਤ ਸਿੰਘ ਮੁੰਧੋਂ, ਅਰਵਿੰਦਰ ਸਿੰਘ ਪੈਂਟਾ, ਸਰਬਜੀਤ ਸਿੰਘ ਕਾਦੀਮਾਜਰਾ ਅਤੇ ਹੋਰਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਖਬੀਰ ਬਾਦਲ ਦੇ ਇਸ਼ਾਰੇ ਤੇ ਆਪਹੁਦਰੀਆਂ ਕਰ ਰਹੀ ਹੈ ਅਤੇ ਇਹਨਾਂ ਆਪਹੁਦਰੀਆਂ ਕਾਰਨ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹਾਲ ਨੂੰ ਜਿੰਦਰੇ ਲਗਾ ਦਿੱਤੇ ਗਏ ਸਨ, ਤਾਂ ਕਿ ਜਥੇਦਾਰ ਹਰਪ੍ਰੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਦੇ ਮੀਟਿੰਗ ਹਾਲ ਵਿੱਚ ਮੀਟਿੰਗ ਨਾ ਕਰ ਸਕਣ। ਇਸ ਮੌਕੇ ਹਾਜ਼ਰ ਸਮੁੱਚੇ ਬੁਲਾ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਹਰਕਤ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ।ਇਸ ਮੌਕੇ ਹਾਜ਼ਰ ਬੁਲਾਰਿਆਂ ਨੇ ਜਥੇਦਾਰ ਹਰਪ੍ਰੀਤ ਸਿੰਘ ਖਾਲਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅਤੇ ਬੀਬੀ ਸਤਵੰਤ ਕੌਰ ਪੰਥਕ ਕੌਂਸਲ ਚੇਅਰਮੈਨ ਬਣਨ ਤੇ ਉਹਨਾਂ ਨੂੰ ਇਲਾਕੇ ਦੀ ਸੰਗਤ ਵੱਲੋਂ ਮੁਬਾਰਕਬਾਦ ਦਿੱਤੀ। ਇਸ ਮੌਕੇ ਹਾਜ਼ਰ ਬੁਲਾਰਿਆਂ ਨੇ 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸਲਾਨਾ ਬਰਸੀ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਲੌਗੋਵਾਲ ਪਹੁੰਚਣ ਦੀ ਅਪੀਲ ਵੀ ਕੀਤੀ। ਇਸ ਮੌਕੇ ਹਾਜ਼ਰ ਬੁਲਾਰਿਆਂ ਨੇ ਕਿਹਾ ਕਿ ਸਿੱਖ ਪੰਥ ਵੱਲੋਂ ਇੱਕਜੁੱਟ ਹੋ ਕੇ ਹੋਂਦ ਵਿੱਚ ਲਿਆਂਦੇ ਸ਼੍ਰੋਮਣੀ ਅਕਾਲੀ ਦਲ ਕਾਰਨ ਹੁਣ ਅਕਾਲੀ ਦਲ ਬਾਦਲ ਬੁਰੀ ਤਰ੍ਹਾਂ ਬੌਖਲਾ ਗਿਆ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਅਕਾਲ ਤਖਤ ਤੋਂ ਸੇਧ ਲੈਂਦਾ ਆਇਆ ਹੈ ਅਤੇ ਅੱਗੇ ਵੀ ਅਕਾਲ ਤਖਤ ਤੋਂ ਸੇਧ ਲੈ ਕੇ ਹੀ ਪੰਥ ਅਤੇ ਕੌਮ ਦੇ ਭਲੇ ਲਈ ਕਾਰਜ ਕਰੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਖਿਦਰਾਬਾਦ, ਕੁਲਵਿੰਦਰ ਸਿੰਘ ਸਿੰਘਪੁਰਾ, ਭਗਤ ਸਿੰਘ ਭਗਤ ਮਾਜਰਾ, ਅਮਰੀਕ ਸਿੰਘ ਕੁਰਾਲੀ, ਹਰਚੰਦ ਸਿੰਘ ਸੰਗਤਪੁਰਾ, ਦਰਸ਼ਨ ਸਿੰਘ ਕੰਸਾਲਾ, ਦਿਲਬਾਗ ਸਿੰਘ ਕਾਲੇਵਾਲ, ਗੁਰਮੁਖ ਸਿੰਘ ਮੂੰਧੋਂ, ਜਸਪਾਲ ਸਿੰਘ ਲਖਨੌਰ, ਗੁਰਦਿਆਲ ਸਿੰਘ ਸਿੰਘਪੁਰਾ, ਭਾਗ ਸਿੰਘ ਬਦਨਪੁਰ ਸਮੇਤ ਇਲਾਕੇ ਦੇ ਪੰਥਕ ਆਗੂ ਹਾਜ਼ਰ ਸਨ।