ਫ਼ਤਹਿਗੜ੍ਹ ਸਾਹਿਬ : ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਅਤੇ ਦਿੱਲੀ ਦੇ ਸਾਬਕਾ ਮੰਤਰੀ ਮੁਨੀਸ਼ ਸਿਸੋਦੀਆਂ ਦੇ ਵਿਵਾਦਤ ਬਿਆਨ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਵਿੱਚ ਭੂਚਾਲ ਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫ਼ਤਰ ਅਮਲੋਹ ਵਿਖੇ ਇਸ ਬਿਆਨ ਦੀ ਤਿਖੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਮੁਨੀਸ਼ ਸਿਸੋਦੀਆਂ ਇਹ ਸਮਝ ਲੈਣ ਕੇ ਪੰਜਾਬ ਦਿੱਲੀ ਨਹੀਂ ਹੈ। ਇਥੋਂ ਦੀ ਧਰਤੀ ਤੇ ਗੁੰਡਾਗਰਦੀ ਦੇ ਦਮ ਤੇ ਚੋਣਾਂ ਜਿੱਤਣ ਦਾ ਸੁਪਨਾ ਕਦੇ ਪੂਰਾ. ਨਹੀਂ ਹੋਵੇਗਾ। ਜੇਕਰ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਦਾ ਹਰ ਨਾਗਰਿਕ ਉਨ੍ਹਾਂ ਨੂੰ ਕਰਾਰਾ ਜਵਾਬ ਦੇਵੇਗਾ। ਰਾਜੂ ਖੰਨਾ ਨੇ ਕਿਹਾ ਕਿ ਦਰਅਸਲ, ਮੁਨੀਸ਼ ਸਿਸੋਦੀਆਂ ਨੇ ਹਾਲ ਹੀ ਵਿੱਚ ਮੁੱਖਮੰਤਰੀ ਅਤੇ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਸਾਮ, ਦਾਮ, ਦੰਡ, ਭੇਦ ਜਿਹੋ ਜਿਹਾ ਵੀ ਉਪਾਅ ਕਰਨਾ ਪਵੇ ਹਰ ਹਾਲ ਵਿੱਚ 2027 ਦੇ ਵਿਧਾਨ ਸਭਾ ਚੋਣਾਂ ਵਿੱਚ ਜਿੱਤਣਾ ਹੈ। ਉਨ੍ਹਾਂ ਦੇ ਇਸ ਬਿਆਨ ਨੇ ਪੰਜਾਬ ਦੀ ਜਨਤਾ ਅਤੇ ਵਿਰੋਧੀ ਧਿਰਾਂ ਨੂੰ ਝਿਝੋੜ ਕੇ ਰੱਖ ਦਿੱਤਾ ਹੈ। ਰਾਜੂ ਖੰਨਾ ਨੇ ਕਿਹਾ ਕਿ ਪੰਜਾਬ ਦੀ ਸੰਸਕ੍ਰਿਤੀ ਲੋਕਤੰਤਰ ਮੁੱਲਾਂ ਦੇ ਆਧਾਰਿਤ ਹੈ। ਇਥੋਂ ਦੇ ਲੋਕ ਸਾਫ ਸੁਥਰੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕਿਤੇ ਵੀ ਪੰਜਾਬ ਵਿੱਚ ਅਰਾਜਕਤਾ ਅਤੇ ਗੁੰਡਾਗਰਦੀ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਚੁੱਪ ਨਹੀਂ ਬੈਠੇਗਾ। ਰਾਜੂ ਖੰਨਾ ਦਾ ਕਹਿਣਾ ਹੈ ਕਿ ਸਿਸੋਦੀਆਂ ਦਾ ਇਹ ਬਿਆਨ ਨਾ ਕੇਵਲ ਲੋਕਤੰਤਰ ਦੀ ਮਰਿਯਾਦਾ ਨੂੰ ਠੇਸ ਪਹੁੰਚਾਉਣ ਵਾਲਾ ਹੈ, ਬਲਕਿ ਜਨਤਾ ਦੀ ਆਵਾਜ ਨੂੰ ਕੁਚਲਣ ਦੀ ਮਾਨਸਿਕਤਾ ਨੂੰ ਦਰਸ਼ਾਉਂਦਾ ਹੈ। ਇਸੇ ਕਾਰਨ ਪੂਰੇ ਪੰਜਾਬ ਵਿੱਚ ਇਸ ਬਿਆਨ ਨੂੰ ਲੈ ਕੇ ਨਾਰਾਜਗੀ ਝਲਕ ਰਹੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਆਮ ਆਦਮੀ ਪਾਰਟੀ ਦੇ ਖਿਲਾਫ਼ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੇ ਸਾਫ਼ ਕਰ ਦਿੱਤਾ ਹੈ ਕਿ 2027 ਵਿੱਚ ਪੰਜਾਬ ਦੀ ਜਨਤਾ ਅਜਿਹੇ ਬਿਆਨਾਂ ਦਾ ਮੂੰਹਤੋੜ ਜਵਾਬ ਦੇਵੇਗੀ ਅਤੇ ਲੋਕਤੰਤਰ ਦੀ ਰੱਖਿਆ ਲਈ ਸ਼੍ਰੋਮਣੀ ਅਕਾਲੀ ਦਲ ਪੂਰੀ ਤਾਕਤ ਨਾਲ ਮੈਦਾਨ ਵਿੱਚ ਡੱਟਿਆ ਰਹੇਗਾ।ਇਸ ਗੱਲ ਸਮੇਂ ਸੀਨੀਅਰ ਅਕਾਲੀ ਆਗੂ ਕੈਪਟਨ ਜਸਵੰਤ ਸਿੰਘ ਬਾਜਵਾ,ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਯੂਥ ਆਗੂ ਕੰਵਲਜੀਤ ਸਿੰਘ ਗਿੱਲ, ਹਲਕਾ ਪ੍ਰਧਾਨ ਡਾ ਅਰੁਜਨ ਸਿੰਘ,ਰੂਪ ਸਿੰਘ ਫੌਜੀ, ਯੂਥ ਆਗੂ ਹੈਰੀ ਟਿੱਬੀ,ਐਸ ਓ ਆਈ ਦੇ ਆਗੂ ਹਰਕੀਰਤ ਸਿੰਘ ਪਨਾਗ,ਸਹਿਜ ਸਿੰਘ ਹਰੀਪੁਰ ਮੌਜੂਦ ਸਨ।