ਸੁਨਾਮ : ਸਾਹਿਤ ਸਭਾ ਸੁਨਾਮ ਵੱਲੋਂ ਆਪਣੀ ਮਹੀਨਾਵਾਰ ਸਾਹਿਤਕ ਇਕੱਤਰਤਾ ਆਜ਼ਾਦੀ ਦਿਵਸ ਨੂੰ ਸਮਰਪਿਤ ਕੀਤੀ ਗਈ। ਰਾਜਿੰਦਰ ਸਿੰਘ ਰਾਜਨ ਅਤੇ ਬਹਾਦਰ ਸਿੰਘ ਧੌਲਾ ਦੀ ਪ੍ਰਧਾਨਗੀ ਵਿੱਚ ਹੋਈ ਇਕੱਤਰਤਾ ਵਿੱਚ ਸਭ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਲਈ ਆਪਾ ਕੁਰਬਾਨ ਕਰਨ ਵਾਲੇ ਕੌਮੀ ਪਰਵਾਨਿਆਂ ਨੂੰ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਦੀਆਂ ਸਰਹੱਦਾਂ 'ਤੇ ਦੇਸ਼ ਦੀ ਆਨ ਬਾਣ ਸ਼ਾਨ ਦੀ ਸਲਾਮਤੀ ਲਈ ਦੇਸ਼ ਦੇ ਸੈਨਿਕਾਂ ਵੱਲੋਂ ਦਿੱਤੀਆਂ ਸ਼ਹਾਦਤਾਂ ਨੂੰ ਨਮਨ ਕਰਦਿਆਂ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਭਾ ਦੇ ਸਰਪ੍ਰਸਤ ਗਿਆਨੀ ਜੰਗੀਰ ਸਿੰਘ ਰਤਨ ਨੇ ਕਿਹਾ ਕਿ ਸਾਡੇ ਪੁਰਖੇ ਅਥਾਹ ਕੁਰਬਾਨੀਆਂ ਕਰਕੇ ਅਨਮੋਲ ਆਜ਼ਾਦੀ ਸਾਨੂੰ ਦੇ ਕੇ ਗਏ ਸਨ, ਜੇਕਰ ਅੱਜ ਦੇ ਨੌਜਵਾਨ ਗੱਭਰੂ ਤੇ ਮੁਟਿਆਰਾਂ ਆਜ਼ਾਦੀ ਪ੍ਰਵਾਨਿਆਂ ਦੀਆਂ ਅਮਰ ਗਾਥਾਵਾਂ ਤੋਂ ਪ੍ਰੇਰਿਤ ਹੋ ਕੇ ਦੇਸ਼ ਦੀ ਸੇਵਾ, ਸੁਰੱਖਿਆ ਅਤੇ ਤਰੱਕੀ ਲਈ ਦੇਸ਼ ਭਗਤੀ ਦੇ ਜਜ਼ਬੇ ਨਾਲ ਕੰਮ ਕਰਨ ਤਾਂ ਚੰਦ ਦਿਨਾਂ ਵਿੱਚ ਦੇਸ਼ ਦੀ ਤਸਵੀਰ ਤੇ ਤਕਦੀਰ ਬਦਲ ਸਕਦੀ ਹੈ ਅਤੇ ਦੇਸ਼ ਸਾਡੇ ਸ਼ਹੀਦਾਂ ਦੇ ਚਿਤਵੇ ਸੁਪਨਿਆਂ ਦਾ ਨਮੂਨਾ ਬਣ ਸਕਦਾ ਹੈ। ਐਡਵੋਕੇਟ ਰਮੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਗੁੰਮਨਾਮ ਦੇਸ਼ ਭਗਤਾਂ ਦੀ ਸੂਰਬੀਰਤਾ ਅਤੇ ਸ਼ਹਾਦਤਾਂ ਦੀਆਂ ਗਾਥਾਵਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ। ਡਾਕਟਰ ਅਮਰੀਕ ਅਮਨ ਨੇ ਕਿਹਾ ਕਿ ਆਪਣੀ ਮਾਤ ਭੂਮੀ ਦੀ ਰਾਖੀ ਲਈ ਹਰ ਕੁਰਬਾਨੀ ਕਰ ਜਾਣ ਵਾਲੇ ਸਮੂਹ ਸੈਨਿਕਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਨਮਨ ਕਰਨਾ ਬਣਦਾ ਹੈ। ਮਾਸਟਰ ਦਲਬਾਰ ਸਿੰਘ ਚੱਠੇ ਸ਼ੇਖਵਾਂ ਵੱਲੋਂ ਆਜ਼ਾਦੀ ਇਤਿਹਾਸ ਬਾਰੇ ਚਾਨਣਾ ਪਾਇਆ। ਅੱਜ ਦੀ ਇਕੱਤਰਤਾ ਵਿੱਚ ਸਾਹਿਤ ਸਭਾ ਦੇ ਸਮੂਹ ਮੈਂਬਰਾਂ ਵੱਲੋਂ ਇੱਕ ਮਤਾ ਪਾਸ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬੀ ਯੂਨੀਵਰਸਟੀ ਪਟਿਆਲਾ ਵਿਖੇ ਸਾਰੇ ਸ਼ਹੀਦਾਂ ਦੇ ਨਾਮ 'ਤੇ ਇੱਕ ਚੇਅਰ ਸਥਾਪਿਤ ਕੀਤੀ ਜਾਵੇ ਤਾਂ ਜੋ ਸਾਰੇ ਸ਼ਹੀਦਾਂ ਬਾਰੇ ਸਭ ਨੂੰ ਸਟੀਕ ਜਾਣਕਾਰੀ ਪ੍ਰਾਪਤ ਹੋ ਸਕੇ। ਇਹ ਵੀ ਆਜ਼ਾਦੀ ਘੁਲਾਟੀਆਂ ਨੂੰ ਵੱਡੀ ਸ਼ਰਧਾਂਜਲੀ ਹੋਵੇਗੀ। ਅਵਤਾਰ ਸਿੰਘ ਉਗਰਾਹਾਂ ਨੇ ਆਪਣੇ ਰਚਨਾ ਰਾਹੀਂ -ਮੈਨੂੰ ਦੱਸ ਮਾਏ ਮੇਰੀਏ ਹੁੰਦੀ ਕੀ ਹੈ ਆਜ਼ਾਦੀ, ਨਾਲ ਹਾਜ਼ਰੀ ਲਗਵਾਈ। ਭੋਲਾ ਸਿੰਘ ਸੰਗਰਾਮੀ ਵੱਲੋਂ ਆਪਣੀ ਬੁਲੰਦ ਆਵਾਜ਼ ਵਿੱਚ- ਨੀ ਆਜ਼ਾਦੀਏ ਦੱਸ ਕਿੱਥੇ ਹੈ ਤੇਰਾ ਨੀ ਟਿਕਾਣਾ, ਨਾਲ ਅਖੌਤੀ ਆਜ਼ਾਦੀ 'ਤੇ ਵਿਅੰਗ ਕੀਤਾ ਗਿਆ। ਹਰਮੇਲ ਸਿੰਘ ਵੱਲੋਂ ਦੇਸ਼ ਭਗਤੀ ਨਾਲ ਲਬਰੇਜ਼ ਕਵਿਤਾ ਪੇਸ਼ ਕੀਤੀ ਗਈ -ਗ਼ੁਲਾਮੀ ਦੀ ਛੱਟ। ਗੁਰਮੀਤ ਸੁਨਾਮੀ ਵੱਲੋਂ- ਦਿਲ ਦੀਆ ਹੈ ਜਾਨ ਭੀ ਦੇਂਗੇ ਐ ਵਤਨ ਤੇਰੇ ਲੀਏ, ਖ਼ੂਬਸੂਰਤ ਗੀਤ ਖ਼ੂਬਸੂਰਤ ਅੰਦਾਜ ਵਿੱਚ ਸਾਂਝਾ ਕੀਤਾ। ਬਹਾਦਰ ਸਿੰਘ ਧੌਲਾ ਵੱਲੋਂ- ਜਦ ਤੱਕ ਨੈਣ ਪਰਾਨ ਨੇ ਤੈਨੂੰ ਵਰਤਣਗੇ ਨਾਲ ਹਾਜ਼ਰੀ ਲਗਵਾਈ। ਰਜਿੰਦਰ ਸਿੰਘ ਰਾਜਨ ਵੱਲੋਂ ਪ੍ਰਦੇਸ਼ ਗਏ ਪੁੱਤਰਾਂ ਦੀ ਬਾਤ ਪਾਉਂਦੀ ਰਚਨਾ- ਮੋੜੇ ਪਾਉਣਗੇ ਕਰਕੇ ਕਮਾਈਆਂ ਘਰਾਂ ਨੂੰ ਆਉਣਗੇ, ਪੇਸ਼ ਕੀਤੀ। ਗੁਰਜੰਟ ਸਿੰਘ ਉਗਰਾਹਾਂ ਕਰਦੇ ਚਲਾਕੀ ਨਾਲੇ ਮਿੱਠਾ ਬੋਲਦੇ, ਐਸੇ ਬੰਦੇ ਜੱਗ ਤੇ ਜ਼ਹਿਰ ਘੋਲਦੇ। ਇਸ ਮੌਕੇ ਹਨੀ ਸੰਗਰਾਮੀ ਨੇ ਵੀ ਹਾਜ਼ਰੀ ਭਰੀ। ਸਟੇਜ ਸਕੱਤਰ ਦੀ ਭੂਮਿਕਾ ਜੰਗੀਰ ਸਿੰਘ ਰਤਨ ਵੱਲੋਂ ਬਾਖ਼ੂਬੀ ਨਿਭਾਈ ਗਈ।