ਖਨੌਰੀ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤੀਜਾ ਹਰਿਆਣਾ ਸਟੇਟ ਗਤਕਾ ਮੁਕਾਬਲਾ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ, ਧਮਤਾਨ ਸਾਹਿਬ ਵਿਖੇ ਦੂਜੇ ਦਿਨ ਫਾਈਨਲ ਰਾਊਂਡ ਨਾਲ ਅਗੇ ਵਧਿਆ। ਇਸ ਸਮਾਗਮ ਦੀ ਸ਼ੁਰੂਆਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਕੀਤੀ। ਪ੍ਰਧਾਨ ਝੀਂਡਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗਤਕਾ ਖਾਲਸਾ ਪੰਥ ਦੀ ਪਰੰਪਰਾਗਤ ਖੇਡ ਹੈ, ਜਿਸ ਰਾਹੀਂ ਨੌਜਵਾਨ ਨਾਂ ਸਿਰਫ਼ ਸ਼ਾਨਦਾਰ ਖੇਡ ਕੌਸ਼ਲ ਦਿਖਾਉਂਦੇ ਹਨ, ਸਗੋਂ ਗੁਰੂਆਂ ਦੀ ਸਿੱਖਿਆ ਨਾਲ ਵੀ ਜੁੜਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਗਤਕਾ ਸਿਰਫ਼ ਇੱਕ ਖੇਡ ਹੀ ਨਹੀਂ, ਸਗੋਂ ਆਤਮ ਰੱਖਿਆ ਦੀ ਪ੍ਰੇਰਨਾ ਦੇਣ ਵਾਲਾ ਮਾਰਗ ਵੀ ਹੈ। ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਗਤਕੇ ਨਾਲ ਜੋੜ ਕੇ ਸ਼ਕਤੀ ਅਤੇ ਸੁਰੱਖਿਆ ਦੇ ਸੰਦੇਸ਼ ਦਿੱਤੇ ਸਨ।