ਖਨੌਰੀ : ਵਿਧਾਨ ਸਭਾ ਹਲਕਾ ਲਹਿਰਾਗਾਗਾ ਅੰਦਰ ਕਾਂਗਰਸ ਪਾਰਟੀ ਨੂੰ ਬੂਥ ਪੱਧਰ 'ਤੇ ਮਜ਼ਬੂਤ ਕਰਨ ਦੇ ਮਕਸਦ ਨਾਲ ਅੱਜ ਇੱਥੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੀ ਰਿਹਾਇਸ਼ ਤੇ ਵਰਕਰ ਮੀਟਿੰਗ ਰੱਖੀ ਗਈ। ਮੀਟਿੰਗ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੈਂਬਰ ਰਾਹੁਲਇੰਦਰ ਸਿੰਘ ਸਿੱਧੂ, ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਪਾਲ ਸਿੰਘ ਸਿਬੀਆ ਤੇ ਹਲਕਾ ਕੋਆਰਡੀਨੇਟਰ ਜਗਜੀਤ ਸਿੰਘ ਧੋਲਾ ਨੇ ਸੰਬੋਧਨ ਕੀਤਾ। ਜਿਸ ਵਿਚ ਹਲਕੇ ਦੇ ਦੋਵਾਂ ਬਲਾਕਾਂ ਦੀਆਂ ਬਲਾਕ, ਸ਼ਹਿਰੀ ਤੇ ਬੂਥ ਕਮੇਟੀਆਂ ਦੇ ਵੱਡੀ ਗਿਣਤੀ ਵਿਚ ਅਹੁਦੇਦਾਰਾਂ ਨੇ ਹਿੱਸਾ ਲਿਆ। ਰਾਹੁਲਇੰਦਰ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿਹਤ, ਸਿੱਖਿਆ ਕ੍ਰਾਂਤੀ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਆਪ ਸਰਕਾਰ ਦੇ ਰਾਜ ਵਿੱਚ ਲਹਿਰਾਗਾਗਾ ਦਾ ਹਸਪਤਾਲ ਡਾਕਟਰਾਂ ਤੋਂ ਖਾਲੀ ਹੈ। ਹਸਪਤਾਲ ਦੇ ਵਿੱਚ ਸਿਰਫ ਇੱਕ ਹੀ ਸਪੈਸ਼ਲਿਸਟ ਡਾਕਟਰ ਹੈ। ਉਸ ਤੋਂ ਇਲਾਵਾ ਕੋਈ ਡਾਕਟਰ ਨਾਂ ਹੋਣ ਦੇ ਚਲਦਿਆਂ ਇੱਕ ਮੰਗ ਪੱਤਰ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਜੇਕਰ ਜਲਦ ਇੱਥੇ ਡਾਕਟਰ ਨਿਯੁਕਤ ਨਾਂ ਕੀਤੇ ਗਏ ਤਾਂ ਹਸਪਤਾਲ ਨੂੰ ਤਾਲਾ ਲਗਾ ਕੇ ਇਸ ਸਬੰਧੀ ਸੰਘਰਸ਼ ਕੀਤਾ ਜਾਵੇਗਾ। ਰਾਹੁਲਇੰਦਰ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ 5 ਸਤੰਬਰ ਦੀ ਲਹਿਰਾਗਾਗਾ ਫੇਰੀ ਤੋਂ ਪਹਿਲਾਂ ਬੰਦ ਪਏ ਬਾਬਾ ਹੀਰਾ ਸਿੰਘ ਭੱਠਲ ਕਾਲਜ ਵਿੱਚ ਮੈਡੀਕਲ ਕਾਲਜ ਬਣਾਉਣ ਦੀ ਮੰਗ ਨੂੰ ਲੈ ਕੇ ਹਲਕੇ ਚੋਂ ਹਜ਼ਾਰਾਂ ਲੋਕਾਂ ਦੇ ਦਸਤਖਤ ਕਰਾ ਕੇ ਸਰਕਾਰ ਤੱਕ ਮੰਗ ਪੱਤਰ ਪਹੁੰਚਦਾ ਕੀਤਾ ਜਾਵੇਗਾ ਤਾਂ ਜੋ ਮੁੱਖ ਮੰਤਰੀ ਸ ਮਾਨ ਲਹਿਰਾਗਾਗਾ ਫੇਰੀ ਦੌਰਾਨ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਕਰਕੇ ਜਾਣ। ਇਸ ਤੋਂ ਇਲਾਵਾ ਉਨ੍ਹਾਂ ਹਲਕੇ ਦੇ ਪਿੰਡ ਦੇਹਲਾ ਸੀਹਾਂ ਵਿਖੇ ਮੈਰਿਜ ਪੈਲੇਸ ਦੀ ਬਿਲਡਿੰਗ ਵਿੱਚ ਚੱਲ ਰਹੇ ਮਹਾਨ ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਦੀ ਯਾਦ ਵਿੱਚ ਬਣੇ ਨੇਬਰਹੁੱਡ ਕੈਂਪਸ ਲਈ ਵੀ ਬਿਲਡਿੰਗ ਬਣਾਉਣ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਰਿੰਦਰਪਾਲ ਸਿੰਘ ਸਿਬੀਆ ਨੇ ਆਪ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਦੇ ਵਾਇਰਲ ਬਿਆਨ ਨੂੰ ਲੈ ਕੇ ਕਿਹਾ ਕਿ ਆਮ ਆਦਮੀ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੀ ਹੈ। ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਚੋਣ ਕਮਿਸ਼ਨ ਤੋਂ ਆਮ ਆਦਮੀ ਪਾਰਟੀ ਦੀ ਮਾਨਤਾ ਰੱਦ ਕਰਨ ਦੀ ਮੰਗ ਵੀ ਕੀਤੀ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਮੁੜ ਕਾਂਗਰਸ ਦੀ ਸਰਕਾਰ ਨੂੰ ਯਾਦ ਕਰ ਰਹੇ ਹਨ ਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡੇ ਫਤਵੇ ਨਾਲ ਜਿਤਾ ਕੇ ਪੰਜਾਬ ਦੀ ਸੱਤਾ ਕਾਂਗਰਸ ਪਾਰਟੀ ਨੂੰ ਸੌਂਪਣ ਲਈ ਕਾਹਲੇ ਹਨ । ਇਸ ਮੌਕੇ ਬੀਬੀ ਭੱਠਲ ਦੇ ਓ.ਐਸ.ਡੀ ਰਵਿੰਦਰ ਸਿੰਘ ਟੁਰਨਾ, ਬਲਾਕ ਪ੍ਰਧਾਨ ਕਸ਼ਮੀਰ ਸਿੰਘ ਜਲੂਰ , ਸਾਬਕਾ ਚੇਅਰਮੈਨ ਰਵਿੰਦਰ ਰਿੰਕੂ ਗੁਰਨੇ, ਸਾਬਕਾ ਪ੍ਰਧਾਨ ਸੁਰੇਸ਼ ਕੁਮਾਰ ਠੇਕੇਦਾਰ, ਐਡਵੋਕੇਟ ਪ੍ਰੇਮ ਪਾਲ ਅਲੀਸ਼ੇਰ, ਕਰਮਜੀਤ ਸਿੰਘ ਟੌਹੜਾ, ਦਲਜੀਤ ਸਿੰਘ ਡਸਕਾ ਆਦਿ ਮੌਜੂਦ ਸਨ।