ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨੀਕ ਵਿਭਾਗ (ਡੀ. ਐੱਸ. ਟੀ.) ਵੱਲੋਂ ਜਾਰੀ ਵਿੱਤੀ ਮਦਦ ਨਾਲ਼ ਕੀਤਾ ਗਿਆ ਵਿਕਸਤ
ਸਮਾਜਿਕ ਚੁਣੌਤੀਆਂ ਨਾਲ਼ ਨਜਿੱਠਣ ਵਾਲ਼ੀਆਂ ਤਕਨੀਕਾਂ ਵਿਕਸਤ ਕਰਨ ਪੱਖੋਂ ਕਿਸੇ ਵੀ ਸਮਰੱਥ ਅਦਾਰੇ ਤੋਂ ਘੱਟ ਨਹੀਂ ਹੈ ਪੰਜਾਬੀ ਯੂਨੀਵਰਸਿਟੀ: ਡਾ. ਜਗਦੀਪ ਸਿੰਘ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀਆਂ ਵੱਲੋਂ ਇੱਕ ਅਜਿਹਾ ਸਿਸਟਮ ਵਿਕਸਿਤ ਕੀਤਾ ਗਿਆ ਹੈ ਜੋ ਆਮ ਬੋਲਚਾਲ ਵਿੱਚ ਵਰਤੀ ਜਾਂਦੀ ਪੰਜਾਬੀ ਭਾਸ਼ਾ ਨੂੰ ਇਸ਼ਾਰਿਆਂ ਰਾਹੀਂ ਸੰਚਾਰ ਸਿਰਜਣ ਵਾਲ਼ੀ ਭਾਰਤੀ ਸੰਕੇਤਕ ਭਾਸ਼ਾ (ਆਈ. ਐੱਸ. ਐੱਲ.) ਵਿੱਚ ਆਟੋਮੈਟਿਕ ਤੌਰ 'ਤੇ ਬਦਲ ਸਕਦਾ ਹੈ। ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨੀਕ ਵਿਭਾਗ (ਡੀ. ਐੱਸ. ਟੀ.) ਵੱਲੋਂ ਜਾਰੀ ਵਿੱਤੀ ਮਦਦ ਨਾਲ਼ ਵਿਕਸਤ ਇਹ ਸਿਸਟਮ ਸੁਣਨ ਤੋਂ ਅਸਮਰੱਥ ਵਿਅਕਤੀਆਂ ਦੀ ਸੰਚਾਰ ਸਬੰਧੀ ਸਮੱਸਿਆ ਨੂੰ ਹੱਲ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਹੈ।
ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਵਿਭਾਗ ਦੇ ਅਧਿਆਪਕ ਡਾ. ਵਿਲੀਅਮਜੀਤ ਸਿੰਘ ਨੇ ਪ੍ਰੋਜੈਕਟ ਸੁਪਰਵਾਈਜ਼ਰ ਵਜੋਂ ਇਸ ਖੋਜ ਪ੍ਰੋਜੈਕਟ ਦੀ ਅਗਵਾਈ ਕੀਤੀ ਜਿਸ ਵਿੱਚ ਡਾ. ਅਮਨਦੀਪ ਸਿੰਘ, ਨੇ ਰਿਸਰਚ ਪ੍ਰੋਜੈਕਟ ਅਸਿਸਟੈਂਟ ਵਜੋਂ ਭੂਮਿਕਾ ਨਿਭਾਈ।
ਡਾ. ਵਿਲੀਅਮਜੀਤ ਸਿੰਘ ਨੇ ਦੱਸਿਆ ਕਿ ਇਹ ਸਿਸਟਮ ਅਤਿ-ਆਧੁਨਿਕ ਸਪੀਚ ਰੀਕੋਗਨੀਸ਼ਨ ਭਾਵ ਬੋਲੇ ਗਏ ਸ਼ਬਦਾਂ ਅਤੇ ਲਹਿਜ਼ੇ ਦੀ ਪਛਾਣ ਸਬੰਧੀ ਸਮਰਥਾ, ਨੈਚੁਰਲ ਲੈਂਗੁਏਜ ਪ੍ਰੋਸੈਸਿੰਗ ਅਤੇ ਸਿੰਥੈਟਿਕ ਐਨੀਮੇਸ਼ਨ ਨੂੰ ਜੋੜ ਕੇ ਕੰਮ ਕਰਦਾ ਹੈ ਜਿਸ ਨਾਲ਼ ਬੋਲੇ ਗਏ ਸ਼ਬਦਾਂ ਨੂੰ 'ਰੀਅਲ-ਟਾਈਮ' ਭਾਵ ਤੁਰੰਤ ਭਾਰਤੀ ਸੰਕੇਤਕ ਭਾਸ਼ਾ ਵਿੱਚ ਬਦਲਿਆ ਜਾ ਸਕਣਾ ਸੰਭਵ ਹੈ।
ਉਨ੍ਹਾਂ ਦੱਸਿਆ ਕਿ ਇਹ ਸਿਸਟਮ ਸੁਣਨ ਸਮਰੱਥਾ ਵਿੱਚ ਕਮੀ ਵਾਲ਼ੇ ਲੋਕਾਂ ਦੇ ਸ਼ਕਤੀਕਰਨ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ ਕਿਉਂਕਿ ਇਸ ਦੀ ਮਦਦ ਨਾਲ਼ ਸਿੱਖਿਆ, ਸਿਹਤ ਸੰਭਾਲ਼ ਅਤੇ ਜਨਤਕ ਸੇਵਾਵਾਂ ਦੇ ਖੇਤਰ ਵਿੱਚ ਸਾਰੇ ਵਰਗਾਂ ਦੇ ਲੋਕਾਂ ਦੀ ਸੌਖ ਅਤੇ ਸਹਿਜ ਵਾਲ਼ਾ ਸੰਚਾਰ ਸੰਭਵ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਵਨਾਵਾਂ, ਵਿਚਾਰਾਂ ਅਤੇ ਜਾਣਕਾਰੀ ਦੇ ਆਦਾਨ-ਪ੍ਰਦਾਨ ਪੱਖੋਂ ਸਪਸ਼ਟ ਅਤੇ ਸਮਰੱਥ ਸੰਚਾਰ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਭਾਵੇਂ ਜ਼ਿਆਦਾਤਰ ਲੋਕਾਂ ਲਈ ਬੋਲਣਾ ਹੀ ਸੰਚਾਰ ਦਾ ਮੁੱਖ ਸਾਧਨ ਹੈ, ਪਰ ਸੁਣਨ ਸਮਰੱਥਾ ਵਿੱਚ ਕਮੀ ਵਾਲ਼ੇ ਵਿਅਕਤੀ ਸੰਕੇਤਕ ਭਾਸ਼ਾ ਉੱਤੇ ਨਿਰਭਰ ਕਰਦੇ ਹਨ, ਜੋ ਹੱਥਾਂ ਦੀਆਂ ਹਰਕਤਾਂ ਅਤੇ ਚਿਹਰੇ ਦੇ ਹਾਵ-ਭਾਵਾਂ ਨਾਲ਼ ਸਿਰਜੀ ਹੋਈ ਇੱਕ ਸੰਗਠਿਤ ਸੰਚਾਰ ਪ੍ਰਣਾਲੀ ਹੈ। ਉਨ੍ਹਾਂ ਦੱਸਿਆ ਕਿ ਨਵੇਂ ਵਿਕਸਿਤ ਸਿਸਟਮ ਨੇ ਇਸ ਸਬੰਧੀ ਚੁਣੌਤੀਆਂ ਨੂੰ ਹੱਲ ਕੀਤਾ ਹੈ ਜਿਸ ਵਿੱਚ ਬੋਲਚਾਲ ਦੀ ਪੰਜਾਬੀ ਭਾਸ਼ਾ ਨੂੰ ਅਡਵਾਂਸਡ ਤਕਨੀਕਾਂ ਦੀ ਵਰਤੋਂ ਕਰ ਕੇ ਆਈ. ਐੱਸ. ਐੱਲ. ਵਿੱਚ ਬਦਲਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਸਿਸਟਮ ਸੰਕੇਤਕ ਇਸ਼ਾਰਿਆਂ ਨੂੰ ਪੇਸ਼ ਕਰਨ ਲਈ ਹੈਮਬਰਗ ਨੋਟੇਸ਼ਨ ਸਿਸਟਮ ਅਤੇ ਥ੍ਰੀ-ਡੀ ਸੈਨਤ ਸੀਕੁਐਂਸ ਤਿਆਰ ਕਰਨ ਹਿਤ ਸਾਈਨਿੰਗ ਜੈਸਚਰ ਮਾਰਕਅਪ ਲੈਂਗੁਏਜ ਦੀ ਵਰਤੋਂ ਕਰਦਾ ਹੈ। ਸਿਸਟਮ ਵਿੱਚ ਇੱਕ ਆਈ. ਐੱਸ. ਐੱਲ. ਡਿਕਸ਼ਨਰੀ ਸ਼ਾਮਲ ਹੈ ਜਿਸ ਵਿੱਚ ਮੈਨੂਅਲ (ਹੱਥਾਂ ਦੇ ਇਸ਼ਾਰੇ) ਅਤੇ ਗੈਰ-ਮੈਨੂਅਲ (ਚਿਹਰੇ ਦੇ ਹਾਵ-ਭਾਵ ਅਤੇ ਸਰੀਰਕ ਹਰਕਤਾਂ) ਸਬੰਧੀ ਵਿਸ਼ੇਸ਼ਤਾਵਾਂ ਸ਼ਾਮਲ ਹਨ।
ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਇਹ ਸਿਸਟਮ ਸੰਕੇਤਕ ਭਾਸ਼ਾ ਦੀ ਪੇਸ਼ਕਾਰੀ ਲਈ ਦੋ ਤਰੀਕਿਆਂ, ਸਿੰਥੈਟਿਕ ਐਨੀਮੇਸ਼ਨ ਅਤੇ ਵੀਡੀਓ-ਅਧਾਰਿਤ ਸੰਕੇਤਕ ਪੇਸ਼ਕਾਰੀ, ਉੱਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਇਹ ਨਵੀਂ ਤਕਨੀਕ ਬੋਲੇ ਗਏ ਸ਼ਬਦਾਂ ਨੂੰ ਸੰਗਠਿਤ ਭਾਰਤੀ ਸੰਕੇਤਕ ਭਾਸ਼ਾ ਦੀ ਸਕ੍ਰਿਪਟ ਵਿੱਚ ਬਦਲਣ ਦੀ ਸ਼ੁੱਧਤਾ ਨੂੰ ਵਧਾਉਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਿਸਟਮ ਦੀ ਟੈਸਟਿੰਗ ਤੋਂ ਅਹਿਮ ਨਤੀਜੇ ਸਾਹਮਣੇ ਆਏ ਹਨ, ਜਿਨ੍ਹਾਂ ਨੇ ਇਸ ਸਿਸਟਮ ਦੀ ਕੁਸ਼ਲਤਾ, ਸ਼ੁੱਧਤਾ ਅਤੇ ਅਮਲੀ ਪੱਧਰ ਦੀ ਵਰਤੋਂਯੋਗਤਾ ਨੂੰ ਸਿੱਧ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਸਿਸਟਮ ਇੱਕ ਪ੍ਰੋਗਰੈਸਿਵ ਵੈੱਬ ਐਪਲੀਕੇਸ਼ਨ ਵਜੋਂ ਉਪਲਬਧ ਹੈ, ਜੋ ਬਹੁ-ਭਾਸ਼ਾਈ ਸਪੀਚ ਇਨਪੁਟ ਨੂੰ ਸਮਰਥਨ ਕਰਦੀ ਹੈ ਅਤੇ ਵੈਬ ਅਤੇ ਮੋਬਾਈਲ ਪਲੈਟਫਾਰਮਾਂ ’ਤੇ ਪਹੁੰਚਯੋਗ ਹੈ। ਰੋਜ਼ਾਨਾ ਸੰਚਾਰ ਨੂੰ ਸਹੂਲਤ ਦੇਣ ਤੋਂ ਇਲਾਵਾ, ਇਹ ਸਿੱਖਿਆਤਮਕ ਸਾਧਨ ਵਜੋਂ ਵੀ ਕੰਮ ਕਰਦੀ ਹੈ, ਜਿਸ ਨਾਲ਼ ਵਰਤੋਂਕਾਰਾਂ ਨੂੰ ਸੰਚਾਰ ਹੁਨਰ ਸੁਧਾਰਨ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਇਸ ਖੋਜ ਟੀਮ ਦਾ ਵਿਜ਼ਨ ਇਸ ਸਿਸਟਮ ਨੂੰ ਪੰਜਾਬੀ ਤੋਂ ਇਲਾਵਾ ਹੋਰ ਭਾਸ਼ਾਵਾਂ ਦੇ ਸਮਰਥਨ ਲਈ ਵਿਸਥਾਰ ਦੇਣਾ ਹੈ, ਤਾਂ ਜੋ ਮੋਬਾਈਲ ਐਪ ਰਾਹੀਂ ਵਧੇਰੇ ਲੋਕਾਂ ਤੱਕ ਇਸ ਦੀ ਪਹੁੰਚ ਸੰਭਵ ਹੋ ਸਕੇ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਖੋਜ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਿਸਟਮ ਭਾਰਤ ਅਤੇ ਇਸ ਤੋਂ ਬਾਹਰ ਦੇ ਸੁਣਨ ਸਮਰੱਥਾ ਵਿੱਚ ਕਮੀ ਵਾਲ਼ੇ ਲੱਖਾਂ ਲੋਕਾਂ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਤਬਦੀਲੀ ਸਬੰਧੀ ਉਮੀਦ ਦੀ ਕਿਰਨ ਵਾਂਗ ਹੈ। ਉਨ੍ਹਾਂ ਕਿਹਾ ਕਿ ਇਹ ਸਿਸਟਮ ਸੁਣਨ ਸਮਰੱਥਾ ਵਿੱਚ ਕਮੀ ਵਾਲ਼ੇ ਲੋਕਾਂ ਦੀਆਂ ਜ਼ਰੂਰਤਾਂ ਅਤੇ ਇੱਛਾਵਾਂ ਨੂੰ ਸੰਕੇਤਕ ਭਾਸ਼ਾ ਰਾਹੀਂ ਅਵਾਜ਼ ਦੇਣ ਵਾਂਗ ਹੈ। ਅਜਿਹੀਆਂ ਤਕਨੀਕਾਂ ਸਦਕਾ ਸਾਰੇ ਵਰਗਾਂ ਦੀ ਸਮਾਨ ਸ਼ਮੂਲੀਅਤ ਵਾਲ਼ੇ ਸਮਾਜ ਦੀ ਸਿਰਜਣਾ ਵੱਲ ਹੋਰ ਸਮਰੱਥ ਹੋ ਕੇ ਕਦਮ ਪੁੱਟ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਸ ਖੋਜ ਪ੍ਰੋਜੈਕਟ ਦੀ ਸਫਲਤਾ ਪੰਜਾਬੀ ਯੂਨੀਵਰਸਿਟੀ ਦੀ ਸਮਰੱਥਾ ਅਤੇ ਸੰਭਾਵਨਾ ਨੂੰ ਵੀ ਉਜਾਗਰ ਕਰਦੀ ਹੈ, ਜੋ ਸਮਾਜਿਕ ਚੁਣੌਤੀਆਂ ਨਾਲ਼ ਨਜਿੱਠਣ ਵਾਲ਼ੀਆਂ ਤਕਨੀਕਾਂ ਵਿਕਸਤ ਕਰਨ ਪੱਖੋਂ ਕਿਸੇ ਵੀ ਸਮਰੱਥ ਅਦਾਰੇ ਤੋਂ ਘੱਟ ਨਹੀਂ।