ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਪੰਜਾਬ ਸਰਕਾਰ ਵੱਲੋਂ ਮਿੱਠੀ ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ-ਪ੍ਰਸਾਰ ਅਤੇ ਵਿਦਿਆਰਥੀਆਂ ਵਿੱਚ ਭਾਸ਼ਾ ਪ੍ਰਤੀ ਰੁਚੀ ਪੈਦਾ ਕਰਨ ਦੇ ਉਦੇਸ਼ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਇਸ ਸਾਲ “ਅੰਤਰਰਾਸ਼ਟਰੀ ਪੰਜਾਬੀ ਓਲੰਪਿਆਡ 2025” ਕਰਵਾ ਰਿਹਾ ਹੈ।
ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 18 ਅਗਸਤ ਤੋਂ 31 ਅਕਤੂਬਰ 2025 ਤੱਕ ਆਨਲਾਈਨ ਮੋਡ ਰਾਹੀਂ ਹੋਵੇਗੀ। ਇਸ ਲਈ ਖਾਸ ਵੈੱਬਲਿੰਕ https://olympiad.pseb.ac.in/ 18 ਅਗਸਤ ਨੂੰ ਲਾਈਵ ਕਰ ਦਿੱਤਾ ਜਾਵੇਗਾ।
ਵਿਦਿਆਰਥੀਆਂ ਲਈ ਸ਼੍ਰੇਣੀਵਾਰ ਫੀਸ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਵਰਗ (8–12 ਸਾਲ) vast ਰਜਿਸਟ੍ਰੇਸ਼ਨ ਫੀਸ 50 ਰੁਪਏ (ਪਹਿਲਾਂ 100 ਰੁਪਏ ਸੀ) ਹੋਵੇਗੀ। ਮਿਡਲ ਵਰਗ (12–14 ਸਾਲ) ਅਤੇ ਸੈਕੰਡਰੀ ਵਰਗ (14–17 ਸਾਲ) ਲਈ ਰਜਿਸਟ੍ਰੇਸ਼ਨ ਫੀਸ 100 ਰੁਪਏ ਰੱਖੀ ਗਈ ਹੈ। ਐਨ.ਆਰ.ਆਈ. ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਫੀਸ 800 ਰੁਪਏ ਹੋਵੇਗੀ।
ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਸਾਲਾਂ ਵਿੱਚ ਪ੍ਰਸ਼ਨਾਂ ਦਾ ਆਧਾਰ ਕੇਵਲ ਤਿਆਰ ਕੀਤੇ ਕੰਟੈਂਟ ਤੱਕ ਸੀਮਿਤ ਸੀ, ਪਰ ਇਸ ਵਾਰ ਕੰਟੈਂਟ ਦੇ ਨਾਲ-ਨਾਲ ਉਮਰ ਅਨੁਸਾਰ ਸਿਲੇਬਸ ਵਿੱਚੋਂ ਵੀ ਪ੍ਰਸ਼ਨ ਸ਼ਾਮਲ ਕੀਤੇ ਗਏ ਹਨ, ਤਾਂ ਜੋ ਓਲੰਪਿਆਡ, ਪਾਠਕ੍ਰਮ ਨਾਲ ਵੀ ਜੁੜਿਆ ਹੋਇਆ ਰਹੇ। ਇਸ ਤੋਂ ਇਲਾਵਾ, ਪਿਛਲੇ ਸਾਲਾਂ ਵਿੱਚ ਸਿਰਫ਼ ਆਨਲਾਈਨ ਪ੍ਰੀਖਿਆ ਹੀ ਕਰਵਾਈ ਗਈ ਸੀ, ਜਦਕਿ ਇਸ ਵਾਰ ਇਹ ਪ੍ਰੀਖਿਆ ਆਨਲਾਈਨ ਅਤੇ ਆਫਲਾਈਨ ਦੋਨੋਂ ਤਰੀਕਿਆਂ ਨਾਲ ਹੋਵੇਗੀ।
ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵਿੱਚ ਉਤਸ਼ਾਹ ਵਧਾਉਣ ਲਈ ਜੇਤੂਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਜ਼ਿਲ੍ਹਾ ਵਾਰ ਸਭ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਅਤੇ ਵਧੇਰੇ ਸਥਾਨ ਹਾਸਲ ਕਰਨ ਵਾਲੇ ਸਕੂਲਾਂ ਤੇ ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ ਮਿਲੇਗਾ।
ਜ਼ਿਕਰਯੋਗ ਹੈ ਕਿ 2023 ਅਤੇ 2024 ਵਿੱਚ ਕਰਵਾਏ ਗਏ ਓਲੰਪਿਆਡਾਂ ਵਿੱਚ 35,000 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਸੀ। ਬੋਰਡ ਨੂੰ ਇਸ ਵਾਰ ਰਜਿਸਟ੍ਰੇਸ਼ਨ ਦਾ ਅੰਕੜਾ ਹੋਰ ਵਧਣ ਉਮੀਦ ਹੈ।
ਬੋਰਡ ਵਲੋਂ ਇਸ ਤੋਂ ਪਹਿਲਾਂ ਵੀ ਪੰਜਾਬੀ ਮਾਂ-ਬੋਲੀ ਨੂੰ ਪ੍ਰਫੁਲਿੱਤ ਕਰਨ ਲਈ “ਮਾਖਿਓਂ ਮਿਠੀ ਪੰਜਾਬੀ ਮਾਂ-ਬੋਲੀ ਕਿਵੇਂ ਬਣੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ” ਵਿਸ਼ੇ ‘ਤੇ ਕਾਨਫਰੈਂਸ ਕਰਵਾਈ ਗਈ ਸੀ, ਜਿਸ ਨੂੰ ਵਿਆਪਕ ਪ੍ਰਸ਼ੰਸਾ ਮਿਲੀ ਸੀ। “ਅੰਤਰਰਾਸ਼ਟਰੀ ਪੰਜਾਬੀ ਓਲੰਪਿਆਡ 2025” ਵੀ ਵਿਦਿਆਰਥੀਆਂ ਵਿੱਚ ਮਾਂ-ਬੋਲੀ ਪ੍ਰਤੀ ਰੁਚੀ ਪੈਦਾ ਕਰਨ, ਉਨ੍ਹਾਂ ਦੀ ਭਾਸ਼ਾਈ ਸਮਝ ਨੂੰ ਮਜ਼ਬੂਤ ਕਰਨ ਅਤੇ ਗਲੋਬਲ ਪੱਧਰ ‘ਤੇ ਪੰਜਾਬੀ ਦੀ ਪਹਿਚਾਣ ਨੂੰ ਹੋਰ ਮਜ਼ਬੂਤੀ ਦੇਣ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ।