ਸੁਨਾਮ : ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੁਨਾਮ ਦੀ ਹੋਈ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਰੱਜਕੇ ਭੜਾਸ ਕੱਢੀ। ਪੈਨਸ਼ਨਰਾਂ ਨੇ ਸਰਕਾਰਾਂ ਤੇ ਵਾਅਦਾ ਖਿਲਾਫੀ ਦੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਸਨਿੱਚਰਵਾਰ ਨੂੰ ਸੁਨਾਮ ਵਿਖੇ ਪੈਨਸ਼ਨ ਯੂਨੀਅਨ ਦੇ ਦਫ਼ਤਰ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰੇਮ ਚੰਦ ਅਗਰਵਾਲ, ਜਨਰਲ ਸਕੱਤਰ ਚੇਤ ਰਾਮ ਢਿੱਲੋਂ, ਡਾਕਟਰ ਸ਼ਮਿੰਦਰ ਸਿੰਘ ਨੇ ਆਖਿਆ ਕਿ ਕੇਂਦਰ ਵਿਚਲੀ ਨਰਿੰਦਰ ਮੋਦੀ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਧਿਆਨ ਕੇਂਦਰਿਤ ਨਹੀਂ ਕਰ ਰਹੀਆਂ ਜਿਸ ਕਾਰਨ ਵਿਆਪਕ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਭਗਵੰਤ ਮਾਨ ਸਰਕਾਰ ਨੇ ਪੈਨਸ਼ਨਰਾਂ ਨੂੰ ਨਿਰਾਸ਼ ਕੀਤਾ ਹੈ, ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਪੈਨਸ਼ਨਰ ਆਗੂਆਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੌਰਾਨ ਕੇਂਦਰ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਿਲਣ ਵਾਲੇ ਲਾਭਾਂ ਵਿੱਚ ਰੱਦੋਬਦਲ ਕਰਕੇ ਪੈਨਸ਼ਨ ਐਕਟ 2025 ਦੇ ਤਹਿਤ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦੇ ਲਾਭ ,ਡੀ ਏ ਆਦਿ ਨੂੰ ਬੰਦ ਕਰਨ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸਰਕਾਰ ਨੇ ਕੋਈ ਵੀ ਲਾਭ ਦੇਣਾ ਹੈ ਉਹ ਸੰਸਦ ਦੇ ਵਿੱਚ ਹੀ ਪਾਸ ਕੀਤਾ ਜਾ ਸਕਦਾ ਹੈ। ਇਸ ਮੌਕੇ ਰਤਨ ਲਾਲ ਬਲਵੰਤ ਸਿੰਘ ਸ਼ੇਰੋਂ, ਮਦਨ ਲਾਲ ਬਾਂਸਲ, ਕਰਮ ਸਿੰਘ ਛਾਜਲੀ, ਅਮਰੀਕ ਸਿੰਘ ਖੰਨਾ, ਚਮਕੌਰ ਸਿੰਘ ਸਿੱਧੂ, ਰਜਿੰਦਰ ਕੁਮਾਰ ਗਰਗ, ਪਿਆਰਾ ਸਿੰਘ ਖੋਖਰ ਆਦਿ ਹਾਜ਼ਰ ਸਨ।