ਕੁਰਾਲੀ : ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਹਲਕਾ ਖਰੜ ਵਾਸੀਆਂ ਵੱਲੋਂ ਇੱਕ ਤਿੱਖਾ ਪੱਤਰ ਲਿਖ ਕੇ ਖਰੜ ਹਲਕੇ ਦੀਆਂ ਸੜਕਾਂ ਦੀ ਬਦਹਾਲੀ ‘ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਖਰੜ ਹਲਕੇ ਦੀਆਂ ਸੜਕਾਂ ਦਾ ਹਾਲ ਇੰਨਾ ਮਾੜਾ ਹੈ, ਕਿ ਕਿਸੇ ਵੀ ਗਲੀ ਜਾਂ ਮੁੱਖ ਸੜਕ ‘ਤੇ ਚਲਣਾ ਜਾਨ ਨੂੰ ਜੋਖ਼ਮ ਵਿੱਚ ਪਾਉਣ ਦੇ ਬਰਾਬਰ ਹੈ। ਵੱਡੇ-ਵੱਡੇ ਟੋਇਆਂ ਵਿੱਚ ਪਾਣੀ ਭਰਿਆ ਹੋਇਆ ਹੈ, ਜਿਸ ਕਾਰਨ ਵਾਹਨ ਚਲਾਉਣਾ ਤਾਂ ਦੂਰ, ਪੈਦਲ ਚੱਲਣਾ ਵੀ ਖਤਰੇ ਤੋਂ ਖਾਲੀ ਨਹੀਂ। ਜੀਤੀ ਪਡਿਆਲਾ ਨੇ ਮੌਜੂਦਾ ਹਾਲਾਤ ਦੇਖਦੇ ਹੋਏ ਕਿਹਾ ਕਿ ਸਰਕਾਰ ਨੂੰ ਆਮ ਆਵਾਜਾਈ ਦੇ ਸਾਧਨਾਂ ਦੀ ਥਾਂ “ਹੈਲੀਕਾਪਟਰ” ਅਤੇ “ਕਿਸ਼ਤੀਆਂ” ਦਾ ਪ੍ਰਬੰਧ ਕਰਨਾ ਚਾਹੀਦਾ ਹੈ, ਤਾਂ ਜੋ ਲੋਕ ਆਪਣੀ ਮੰਜ਼ਿਲ ਤੱਕ ਸੁਰੱਖਿਅਤ ਪਹੁੰਚ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਜੇ ਇਹੋ ਜਿਹੀ ਨਵੀਂ “ਟਰਾਂਸਪੋਰਟ ਪਾਲਿਸੀ” ਲਾਗੂ ਹੋਈ ਤਾਂ ਖਰੜ ਹਲਕਾ ਪੰਜਾਬ ਦਾ ਪਹਿਲਾ ਹਲਕਾ ਹੋਵੇਗਾ ਜਿੱਥੇ ਲੋਕਾਂ ਨੂੰ “ਹਵਾਈ ਯਾਤਰਾ” ਅਤੇ “ਜਲ ਯਾਤਰਾ” ਦਾ ਮੁਫ਼ਤ ਤਜ਼ਰਬਾ ਮਿਲੇਗਾ। ਉਨ੍ਹਾਂ ਕਿਹਾ ਕਿ ਜੇ ਜਲਦੀ ਹੀ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਕਾਂਗਰਸ ਪਾਰਟੀ ਵੱਲੋਂ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਨੂੰ ਯਾਦ ਦਿਵਾਇਆ ਕਿ ਸੜਕਾਂ ਦਾ ਸੰਭਾਲ ਕੇਵਲ ਵਿਕਾਸ ਦਾ ਹੀ ਨਹੀਂ, ਸਗੋਂ ਜਾਨ-ਮਾਲ ਦੀ ਸੁਰੱਖਿਆ ਨਾਲ ਸਿੱਧਾ ਜੁੜਿਆ ਮਾਮਲਾ ਹੈ। ਖਰੜ ਹਲਕੇ ਦੇ ਲੋਕ ਹਰ ਰੋਜ਼ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ, ਪਰ ਸਰਕਾਰ ਇਸ ਵੱਲ ਧਿਆਨ ਦੇਣ ਦੀ ਥਾਂ ਚੁੱਪ ਹੈ।