ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਿੰਨ ਭਾਸ਼ਾਵਾਂ ਦਾ ਖੂਬਸੂਰਤ ਗੁਲਦਸਤਾ : ਜਸਵੰਤ ਸਿੰਘ ਜ਼ਫ਼ਰ
ਪਟਿਆਲਾ : ਭਾਸ਼ਾ ਵਿਭਾਗ ਪੰਜਾਬ ਵੱਲੋਂ ਸੰਸਕ੍ਰਿਤ ਦਿਵਸ ਮੌਕੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ’ਚ ਸੰਸਕ੍ਰਿਤ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਕਰਵਾਏ ਗਏ ਇਸ ਸਮਾਗਮ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ। ਸਮਾਗਮ ਦੀ ਪ੍ਰਧਾਨਗੀ ਸੰਸਕ੍ਰਿਤ ਦੇ ਉੱਘੇ ਲੇਖਕ ਤੇ ਵਿਦਵਾਨ ਡਾ. ਮਹੇਸ਼ ਚੰਦਰ ਸ਼ਰਮਾ ਗੌਤਮ ਨੇ ਕੀਤੀ ਅਤੇ ਅਚਾਰੀਆ ਗੁਰਦਾਸ ਸਿੰਘ ਨੇ ਮੁੱਖ ਵਕਤਾ ਵਜੋਂ ਵਿਚਾਰ ਪੇਸ਼ ਕੀਤੇ।
ਸਮਾਗਮ ਦੀ ਸ਼ੁਰੂਆਤ ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਦੇ ਮੁਖੀ ਡਾ. ਅਲੰਕਾਰ ਸਿੰਘ ਅਤੇ ਸਾਥੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਸੰਸਕ੍ਰਿਤ ਭਾਸ਼ਾ ’ਚ ਦਰਜ ਦੋ ਸ਼ਬਦਾਂ ਦੇ ਗਾਇਨ ਨਾਲ ਕੀਤੀ। ਆਪਣੇ ਸਵਾਗਤੀ ਭਾਸ਼ਣ ਦੌਰਾਨ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਿੰਨ ਭਾਸ਼ਾਵਾਂ ਤੇ ਅਣਗਿਣਤ ਬੋਲੀਆਂ ਦਾ ਖੂਬਸੂਰਤ ਗੁਲਦਸਤਾ ਹੈ। ਏਨੀ ਭਾਸ਼ਾਈ ਵਿਭਿੰਨਤਾ ਦੁਨੀਆਂ ਦੇ ਕਿਸੇ ਵੀ ਗ੍ਰੰਥ ਵਿੱਚ ਨਹੀਂ ਹੈ। ਸੰਸਕ੍ਰਿਤ ਵੀ ਇਸ ਮਹਾਨ ਗ੍ਰੰਥ ’ਚ ਸ਼ਾਮਲ ਭਾਸ਼ਾਵਾਂ ’ਚੋਂ ਇੱਕ ਹੈ। ਗੁਰੂ ਸਾਹਿਬਾਨ ਨੇ ਹੁਕਮਰਾਨਾਂ ਦੀ ਭਾਸ਼ਾ ਦੀ ਅਧੀਨਗੀ ਕਬੂਲਣ ਦੀ ਬਜਾਏ ਵੱਖ ਵੱਖ ਇਲਾਕਿਆਂ ਵਿੱਚ ਵਰਤੀਆਂ ਜਾਂਦੀਆਂ ਆਮ ਲੋਕਾਂ ਦੀ ਬੋਲੀਆਂ ਨੂੰ ਬਾਣੀ ਦਾ ਮਾਧਿਅਮ ਬਣਾਉਂਦੇ ਹੋਏ ਸ਼ਾਹਕਾਰ ਗ੍ਰੰਥ ਦੀ ਸਿਰਜਨਾ ਕੀਤੀ। ਦਰਿਆ ਸਿੰਧ ਅਤੇ ਦਰਿਆ ਜਮਨਾ ਦੇ ਵਿਚਕਾਰਲਾ ਸਪਤ ਸਿੰਧੂ ਦੇ ਪੁਰਾਣੇ ਨਾਂ ਵਾਲਾ ਪੰਜਾਬ ਦਾ ਇਹ ਖਿੱਤਾ ਵੱਖ ਵੱਖ ਸੱਭਿਆਚਾਰਾਂ, ਭਾਸ਼ਾਵਾਂ ਅਤੇ ਗਿਆਨ ਪਰੰਪਰਾਵਾਂ ਦੀ ਸਹਿਹੋਂਦ ਅਤੇ ਸੰਵਾਦ ਦੀ ਧਰਤੀ ਹੈ। ਸੰਸਕ੍ਰਿਤ ਨੂੰ ਕਿਸੇ ਸਮੇਂ ਇਥੋਂ ਦੀਆਂ ਭਾਸ਼ਾਵਾਂ ਦੀ ‘ਨਾਨੀ’ ਸਮਝਿਆ ਜਾਂਦਾ ਸੀ।
ਮੁੱਖ ਵਕਤਾ ਅਚਾਰੀਆ ਗੁਰਦਾਸ ਸਿੰਘ ਨੇ ਗੁਰਬਾਣੀ ’ਚ ਸ਼ਾਮਲ ਸੰਸਕ੍ਰਿਤ ਦੇ ਸ਼ਬਦਾਂ ਤੇ ਸਲੋਕਾਂ ਬਾਰੇ ਵਿਸਥਾਰ ’ਚ ਜਾਣਕਾਰੀ ਦਿੱਤੀ। ਉਨ੍ਹਾਂ ਵੱਖ-ਵੱਖ ਗੁਰੂਆਂ ਤੇ ਭਗਤਾਂ ਵੱਲੋਂ ਬਾਣੀ ’ਚ ਵਰਤੇ ਗਏ ਸੰਸਕ੍ਰਿਤ ਦੇ ਸ਼ਬਦਾਂ ਦੇ ਅੰਤਰ ਸਬੰਧਾਂ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਗੁਰਬਾਣੀ ਸਮੁੱਚੀ ਮਾਨਵਤਾ ਦੀ ਬਾਣੀ ਹੈ ਇਸ ਨੂੰ ਕਿਸੇ ਮਜ਼ਹਬੀ ਸੀਮਾ ’ਚ ਬੰਦ ਨਹੀਂ ਰੱਖਿਆ ਜਾ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ 500 ਸਾਲਾਂ ’ਚ ਇਕੱਤਰ ਕੀਤਾ ਗਿਆਨ ਦਾ ਸ਼ਹਿਦ ਹੈ।
ਸਮਾਗਮ ਦੀ ਪ੍ਰਧਾਨਗੀ ਕਰਦੇ ਡਾ. ਮਹੇਸ਼ ਚੰਦਰ ਸ਼ਰਮਾ ਗੌਤਮ ਨੇ ਕਿਹਾ ਕਿ ਕੋਈ ਭਾਸ਼ਾ ਸਦਾ ਲਈ ਇੱਕਰੂਪ ਨਹੀਂ ਰਹਿੰਦੀ। ਸਮੇਂ ਦੇ ਵਹਿਣ ਨਾਲ ਇਸ ਦਾ ਸਰੂਪ ਹਮੇਸ਼ਾ ਬਦਲਦਾ ਰਹਿੰਦਾ ਹੈ। ਮਿਸਾਲ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਵਰਤੀ ਗਈ ਪੰਜਾਬੀ ਸਾਡੀ ਅਜੋਕੀ ਭਾਸ਼ਾ ਨਾਲੋਂ ਬਹੁਤ ਭਿੰਨ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ’ਚ ਜਿੱਥੇ ਸੰਸਕ੍ਰਿਤ ਸ਼ਾਮਲ ਹੈ ਉੱਥੇ ਇਸ ਤੋਂ ਵਿਕਸਿਤ ਹੋਈਆਂ ਕਈ ਭਾਸ਼ਾਵਾਂ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਭਾਸ਼ਾ ਦੇ ਸਰੂਪ ਨੂੰ ਕਿਸੇ ਵੀ ਬੰਧਨ ’ਚ ਬੰਨਕੇ ਸਥਾਈ ਨਹੀਂ ਰੱਖਿਆ ਜਾ ਸਕਦਾ ਇਹ ਹਮੇਸ਼ਾ ਵਧਦੀ-ਫੁੱਲਦੀ ਅਤੇ ਵਿਗਸਦੀ ਰਹਿੰਦੀ ਹੈ।
ਮੁੱਖ ਮਹਿਮਾਨ ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕਰਨ ਸਮੇਂ ਕੋਈ ਭਾਸ਼ਾ ਵਿਤਕਰੇ ਦੀ ਨਜ਼ਰ ਨਾਲ ਨਹੀਂ ਦੇਖੀ, ਉਨ੍ਹਾਂ ਨੇ ਸਿਰਫ਼ ਮਨਾਵਤਾ ਲਈ ਗਿਆਨ ਦੇ ਖਜ਼ਾਨੇ ਨੂੰ ਇਕੱਤਰ ਕੀਤਾ। ਜਿਸ ਦਾ ਪਤਾ ਵੱਖ-ਵੱਖ ਭਾਸ਼ਾਵਾਂ ਤੇ ਖਿੱਤਿਆਂ ਦੇ ਭਗਤਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਸ਼ਾਮਲ ਕਰਨ ਤੋਂ ਮਿਲਦਾ ਹੈ। ਬਾਣੀ ਰਾਹੀਂ ਗੁਰੂ ਸਾਹਿਬਾਨ ਨੇ ਆਪਣੇ-ਆਪ ਨੂੰ ਭਾਸ਼ਾਵਾਂ ਦੇ ਵਿਦਵਾਨ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਗੋਂ ਉਨ੍ਹਾਂ ਦਾ ਇੱਕੋ-ਇੱਕ ਟੀਚਾ ਮਨੁੱਖ ਨੂੰ ਸੁਚੱਜੇ ਢੰਗ ਨਾਲ ਜਿਉਣ ਦੀ ਰਾਹ ਦਿਖਾਉਣਾ ਸੀ। ਉਨ੍ਹਾਂ ਕਿਹਾ ਕਿ ਇਸ ਸਮੇਂ ਅਸੀਂ ਇੱਕ ਅਜਿਹੇ ਸ਼ਰਮਿੰਦਗੀ ਭਰੇ ਮਾਹੌਲ ’ਚੋਂ ਗੁਜ਼ਰ ਰਹੇ ਹਾਂ ਜਿਸ ਦੌਰਾਨ ਭਾਸ਼ਾਵਾਂ ਨੂੰ ਫ਼ਿਰਕਿਆਂ ਨਾਲ ਜੋੜ ਕੇ ਇੱਕ ਦੂਸਰੀ ਨਾਲ ਟਕਰਾਓ ਜਾਂ ਵਿਰੋਧ ਵਜੋਂ ਦੇਖਿਆ ਜਾ ਰਿਹਾ ਹੈ ਜਦ ਕਿ ਭਾਸ਼ਾਵਾਂ ਤਾਂ ਸਾਰੇ ਮਨੁੱਖਾਂ ਲਈ ਗਿਆਨ ਦੇ ਸੰਚਾਰ ਦੀਆਂ ਵਾਹਕ ਹਨ।
ਇਸ ਮੌਕੇ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਬੱਚੀਆਂ ਵਿਧੀ ਤੇ ਦਿਵਿਆ ਨੇ ਸੰਸਕ੍ਰਿਤ ਭਾਸ਼ਾ ’ਚ ਸੰਵਾਦ ਰਚਾਇਆ। ਮਹਿਮਾਨਾਂ ਨੂੰ ਵਿਭਾਗ ਦੀਆਂ ਸ਼ਾਲਾਂ ਤੇ ਪੁਸਤਕਾਂ ਦੇ ਸੈੱਟਾਂ ਨਾਲ ਸਨਮਾਨਿਤ ਕੀਤਾ ਗਿਆ। ਅਖੀਰ ਵਿੱਚ ਸਮਾਗਮ ਦੀ ਸੰਚਾਲਕ ਸਹਾਇਕ ਨਿਰਦੇਸ਼ਕਾ ਸੁਖਪ੍ਰੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਉੱਘੇ ਵਿਦਵਾਨ ਡਾ. ਬਲਕਾਰ ਸਿੰਘ, ਡਾ. ਕੇਹਰ ਸਿੰਘ, ਡਾ. ਜਸਵੀਰ ਕੌਰ, ਡਾ. ਬਾਬੂ ਰਾਮ ਦੀਵਾਨਾ, ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਤੇ ਬਲਵਿੰਦਰ ਸੰਧੂ, ਡਾ. ਲਕਸ਼ਮੀ ਨਰਾਇਣ ਭੀਖੀ, ਕਵੀ ਅਵਤਾਰਜੀਤ, ਗੁਰਚਰਨ ਪਬਾਰਾਲੀ, ਭਾਸ਼ਾ ਵਿਭਾਗ ਦੀ ਡਿਪਟੀ ਡਾਇਰੈਕਟਰ ਸ਼੍ਰੀਮਤੀ ਹਰਭਜਨ ਕੌਰ ਤੇ ਸ਼੍ਰੀਮਤੀ ਚੰਦਨਦੀਪ ਕੌਰ, ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ, ਸੁਰਿੰਦਰ ਕੌਰ, ਜਸਪ੍ਰੀਤ ਕੌਰ, ਦਵਿੰਦਰ ਕੌਰ ਤੇ ਵੱਡੀ ਗਿਣਤੀ ’ਚ ਸਰੋਤੇ ਮੌਜੂਦ ਸਨ। ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਖੋਜ ਅਫ਼ਸਰ ਨੇ ਕੀਤਾ। ਤਸਵੀਰ:- ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਸ. ਜਸਵੰਤ ਸਿੰਘ ਜ਼ਫ਼ਰ, ਡਾ. ਮਹੇਸ਼ ਚੰਦਰ ਸ਼ਰਮਾ ਗੌਤਮ, ਡਾ. ਬਲਕਾਰ ਸਿੰਘ ਤੇ ਅਚਾਰੀਆ ਗੁਰਦਾਸ ਸਿੰਘ।