ਘਨੌਰ : ਅੱਜ ਯੂਨੀਵਰਸਿਟੀ ਕਾਲਜ ਘਨੌਰ ਵਿਖੇ ਹਰ ਸਾਲ ਦੀ ਤਰ੍ਹਾਂ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿਸ ਵਿਚ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਦੇ ਸੁਪਤਨੀ ਸ੍ਰੀ ਮਤੀ ਸ਼ਮਿੰਦਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਸ੍ਰੀ ਮਤੀ ਸ਼ਮਿੰਦਰ ਕੌਰ ਹੀ ਤੀਆਂ ਦੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋ ਰਹੇ ਹਨ ਪਰ ਉਹਨਾਂ ਨੂੰ ਲਗਾਤਾਰ ਤਿੰਨ ਸਾਲਾਂ ਤੋਂ ਕਾਲਜ ਆਉਣ ਦੇ ਬਾਵਜੂਦ ਵੀ ਵਿਦਿਆਰਥੀਆਂ ਨੂੰ ਸਫ਼ਰ ਸਹੂਲਤ ਦੇਣ ਤੋਂ ਬਾਂਝੀ ਖੜੀ ਬੱਸ ਕਿਉਂ ਨਜ਼ਰ ਨਹੀਂ ਆ ਰਹੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਲਜ ਦੇ ਸਾਬਕਾ ਵਿਦਿਆਰਥੀ ਆਗੂ ਸਰਬਜੀਤ ਸਿੰਘ ਕਾਮੀ ਕਲਾਂ ਨੇ ਕੀਤਾ। ਪ੍ਰੈਸ ਨੋਟ ਜਾਰੀ ਕਰਦਿਆਂ ਕਾਮੀ ਕਲਾਂ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਕਾਲਜ ਆ ਕੇ ਮਨਾਉਣਾ ਕੋਈ ਮਾੜੀ ਗੱਲ ਨਹੀਂ ਪਰ ਹਲਕੇ ਦੇ ਨੁਮਾਇੰਦੇ ਹੋਣ ਦੇ ਨਾਤੇ ਹਲਕਾ ਵਿਧਾਇਕ ਜਾਂ ਉਹਨਾਂ ਦੀ ਪਤਨੀ ਨੂੰ ਕਾਲਜ ਦੇ ਵਿਦਿਆਰਥੀਆਂ ਦੀਆਂ ਸਮੱਸਿਆਂਵਾਂ ਦਾ ਵੀ ਪਤਾ ਹੋਣਾ ਜ਼ਰੂਰੀ ਹੈ। ਉਹਨਾਂ ਆਪਣੀ ਗੱਲ ਸਾਂਝੀ ਕਰਦਿਆਂ ਕਿਹਾ ਕਿ 2022 ਚ ਉਹ ਆਪਣੇ ਵਿਦਿਆਰਥੀ ਸਾਥੀਆਂ ਨਾਲ ਲੰਮਾ ਸੰਘਰਸ਼ ਕਰਕੇ ਇਹ ਬੱਸ ਲੈ ਕੇ ਆਏ ਸਨ ਪਿਛਲੇ ਲਗਾਤਾਰ ਤਿੰਨ ਸਾਲਾਂ ਤੋਂ ਇਹ ਬੱਸ ਇਸੇ ਤਰ੍ਹਾਂ ਧੁੱਪ, ਮੀਂਹ ਦੇ ਵਿੱਚ ਇੱਕ ਥਾਂ ਤੇ ਖੜੀ ਨਸ਼ਟ ਹੋ ਰਹੀ ਹੈ ਪਰ ਹਲਕੇ ਦੇ ਵਿਧਾਇਕ ਅਤੇ ਉਹਨਾਂ ਦੀ ਪਤਨੀ ਨੂੰ ਖੜੀ ਬੱਸ ਪਤਾ ਨਹੀਂ ਕਿਉਂ ਨਹੀਂ ਨਜ਼ਰ ਆ ਰਹੀ। ਉਹਨਾਂ ਕਿਹਾ ਕਿ ਅੱਜ ਜਿਹੜੀਆਂ ਲੜਕੀਆਂ ਤੀਆਂ ਦੇ ਪ੍ਰੋਗਰਾਮ ਵਿੱਚ ਬਹੁਤ ਵਧੀਆ ਢੰਗ ਨਾਲ ਆਪਣੀ ਕਲਾ ਦਿਖਾ ਰਹੀਆਂ ਸਨ ਪਰ ਅੱਜ ਘਰ ਨੂੰ ਜਾਣ ਸਮੇਂ ਉਹ ਲੜਕੀਆਂ ਮੀਂਹ ਦੇ ਵਿੱਚ ਕਾਲਜ ਤੋਂ ਬੱਸ ਅੱਡੇ ਤੱਕ ਦਾ ਸਫ਼ਰ ਪੈਦਲ ਪਾਣੀ ਅਤੇ ਗਾਰੇ ਚੋਂ ਲੰਘ ਕੇ ਤੈਅ ਕਰਨਗੀਆਂ ਜੋ ਕਿ ਵਿਧਾਇਕ ਸਾਹਿਬ ਜੀ ਦੀ ਸੁਪਤਨੀ ਨੂੰ ਨਜ਼ਰ ਨਹੀਂ ਆਵੇਗਾ। ਉਹਨਾਂ ਵਿਦਿਆਰਥੀਆਂ ਦੀ ਇਸ ਮੰਗ ਦੇ ਲੰਮੀ ਲਟਕਣ ਦਾ ਜ਼ਿੰਮੇਵਾਰ ਕਾਲਜ ਦੇ ਪ੍ਰਿੰਸੀਪਲ ਨੂੰ ਵੀ ਠਹਿਰਾਇਆ। ਉਹਨਾਂ ਕਿਹਾ ਕਿ ਮੌਜੂਦਾ ਕਾਲਜ ਮੁੱਖੀ ਦਾ ਗੈਰ ਜਿੰਮੇਵਾਰਾਨਾ ਰੱਵਈਏ ਕਾਰਨ ਕਾਲਜ ਦਿਨੋਂ ਦਿਨ ਨਿਘਾਰ ਵੱਲ ਜਾ ਰਿਹਾ ਹੈ। ਅੱਜ ਕਾਲਜ ਅਥਾਰਿਟੀ ਦਾ ਹਲਕੇ ਘਨੌਰ ਦੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਮੋਹਤਬਰਾਂ ਤੋਂ ਰਿਸ਼ਤਾ ਟੁੱਟ ਚੁੱਕਾ ਹੈ ਤੇ ਫੋਕੀ ਟੋਹਰ ਸ਼ੋਹਰਤ ਲਈ ਕਾਲਜ ਮੁੱਖੀ ਇਸ ਸਭ ਨੂੰ ਨਜ਼ਰ ਅੰਦਾਜ਼ ਕਰ ਕੇ ਹਲਕੇ ਘਨੌਰ ਦੀ ਸਭ ਤੋਂ ਵੱਡੀ ਸੰਸਥਾ ਨੂੰ ਘੁਣ ਵਾਂਗ ਖ਼ਤਮ ਕਰ ਰਹੇ ਹਨ ਜੋ ਕਿ ਇੱਕ ਵੱਡੀ ਚਿੰਤਾਜਨਕ ਸਥਿਤੀ ਬਣ ਗਈ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਆਪਣੇ ਵਿਦਿਆਰਥੀ ਸਾਥੀਆਂ ਸਮੇਤ ਕਾਲਜ ਦੀ ਸਥਿਤੀ ਅਤੇ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਸਾਹਿਬ ਕੋਲ ਜਾ ਕੇ ਗੱਲ ਕਰਨਗੇ ।