ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ, 'ਅੰਤਰਰਾਸ਼ਟਰੀ ਨੌਜਵਾਨ ਦਿਵਸ' ਦੇ ਮੌਕੇ ਮਿਤੀ 12 ਅਗਸਤ ਨੂੰ , ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਸ ਸਾਲ ਦਾ ਕੇਂਦਰੀ ਵਿਸ਼ਾ “Say No to Drugs” ਹੈ, ਜੋ ਰਾਜ ਸਰਕਾਰ ਦੁਆਰਾ ਹਾਲ ਹੀ ਵਿੱਚ ਸ਼ੁਰੂ ਕੀਤੇ 'ਨਸ਼ਿਆਂ ਵਿਰੁੱਧ ਜਾਗਰੂਕਤਾ' ਪਾਠਕ੍ਰਮ ਨਾਲ ਸਬੰਧਿਤ ਹੈ।
ਇਸ ਮੌਕੇ ਸ਼੍ਰੀ ਮਤੀ ਅਨਿੰਦਤਾ ਮਿੱਤਰਾ ਆਈ ਏ ਐਸ, ਸਕੱਤਰ ਸਕੂਲ ਸਿੱਖਿਆ ਨੇ ਦੱਸਿਆ ਕਿ ਇਸ ਮੁਹਿੰਮ ਦਾ ਮਕਸਦ ਨੌਜਵਾਨਾਂ ਵਿੱਚ ਅਗਵਾਈ, ਜ਼ਿੰਮੇਵਾਰੀ ਅਤੇ ਨਸ਼ਾ-ਮੁਕਤ ਜੀਵਨ ਦੇ ਮੁੱਲਾਂ ਨੂੰ ਮਜ਼ਬੂਤ ਕਰਨਾ ਹੈ, ਤਾਂ ਜੋ ਉਹ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਸਰਗਰਮ ਭੂਮਿਕਾ ਨਿਭਾ ਸਕਣ।ਇਸ ਪ੍ਰੋਗਰਾਮ ਤਹਿਤ ਪਾਠਕ੍ਰਮ ਅਧਾਰਤ ਇੰਟਰਐਕਟਿਵ ਸੈਸ਼ਨ, ਸਮੂਹਕ ਸਹੁੰ ਸਮਾਰੋਹ, ਨੁੱਕੜ ਨਾਟਕ, ਡਿਬੇਟ ਅਤੇ ਕਵਿਤਾ ਉਚਾਰਣ , ਪੋਸਟਰ ਅਤੇ ਮੀਮ ਮੁਕਾਬਲੇ, ਯੂਥ ਆਇਕਨ ਮੁਕਾਬਲੇ ਕਰਵਾਏ ਗਏ।
ਇਸੇ ਮੁਹਿੰਮ ਦੇ ਸਬੰਧ ਵਿੱਚ ਅੱਜ 13 ਅਗਸਤ ਨੂੰ ਸੂਬੇ ਭਰ ਦੇ ਸਕੂਲਾਂ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਸਿੱਖਿਆ ਕਰਮੀਆਂ ਨੇ ਨਸ਼ਿਆਂ ਵਿਰੁੱਧ ਸਮੂਹਿਕ ਸਹੁੰ ਚੁੱਕੀ ਅਤੇ ਇਹ ਅਹਿਦ ਲਿਆ ਕਿ ਉਹ ਆਪਣੇ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦੇ ਜੀਵਨ ਨੂੰ ਹੋਰ ਬਿਹਤਰ ਬਣਾਉਣ ਵਿੱਚ ਯੋਗਦਾਨ ਪਾਉਣਗੇ।