ਪਟਿਆਲਾ : ਮੇਅਰ ਕੁੰਦਨ ਗੋਗੀਆ ਅਤੇ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਦੀ ਅਗਵਾਈ ਵਿੱਚ ਪਟਿਆਲਾ ਨਗਰ ਨਿਗਮ ਵੱਲੋਂ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨਾਗਰਿਕਾਂ ਨੂੰ ਬਿਹਤਰ ਸੁਵਿਧਾਵਾਂ ਦੇਣ ਵਾਸਤੇ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ। ਨਗਰ ਨਿਗਮ ਨੇ 30 ਲੱਖ ਰੁਪਏ ਦੀ ਲਾਗਤ ਨਾਲ ਇੱਕ ਆਧੁਨਿਕ ਸਕਾਈਲਿਫਟ ਮਸ਼ੀਨ ਖਰੀਦੀ ਹੈ, ਜੋ ਖ਼ਾਸ ਤੌਰ 'ਤੇ ਉਚਾਈ ‘ਤੇ ਹੋਣ ਵਾਲੇ ਕੰਮਾਂ, ਜਿਵੇਂ ਕਿ ਸਟ੍ਰੀਟ ਲਾਈਟਾਂ ਦੀ ਮੁਰੰਮਤ ਅਤੇ ਤਬਦੀਲੀ, ਲਈ ਵਰਤੀ ਜਾਵੇਗੀ। ਇਸ ਮੌਕੇ ਸ਼ਿਵਰਾਜ ਸਿੰਘ ਵਿਰਕ ਐਮ.ਸੀ, ਮਨਦੀਪ ਸਿੰਘ ਵਿਰਦੀ ਐਮ.ਸੀ, ਜੀ ਐੱਸ ਓਬਰਾਏ, ਗੁਰਪ੍ਰੀਤ ਵਾਲੀਆ ਐਸ.ਈ, ਕਰਮਿੰਦਰ ਸਿੰਘ ਐਸ.ਡੀ.ਓ, ਜੇਈ ਵਿਜ, ਕ੍ਰਿਸ਼ਨ ਕੁਮਾਰ ਪੀ.ਏ ਨਿਗਮ ਕਮਿਸ਼ਨਰ, ਲਵਿਸ਼ ਚੁੱਘ ਪੀ.ਏ ਟੁ ਮੇਅਰ, ਉਪਕਾਰ ਸਿੰਘ ਸਮਾਜ ਸੇਵੀ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਰਹੇ.
ਮੇਅਰ ਕੁੰਦਨ ਗੋਗੀਆ ਨੇ ਅੱਜ ਜਾਣਕਾਰੀ ਦਿੰਦਿਆਂ ਕਿਹਾ ਕਿ ਪਟਿਆਲਾ ਸ਼ਹਿਰ ਵਿੱਚ ਕਈ ਇਲਾਕੇ ਅਜਿਹੇ ਹਨ ਜਿੱਥੇ ਸਟ੍ਰੀਟ ਲਾਈਟਾਂ ਕਾਫ਼ੀ ਉੱਚਾਈ ‘ਤੇ ਲੱਗੀਆਂ ਹਨ ਅਤੇ ਪੁਰਾਣੇ ਸਾਧਨਾਂ ਨਾਲ ਉਨ੍ਹਾਂ ਦੀ ਮੁਰੰਮਤ ਕਰਨਾ ਮੁਸ਼ਕਲ ਹੋ ਰਿਹਾ ਸੀ। ਇਸ ਸਮੱਸਿਆ ਦਾ ਹੱਲ ਕਰਨ ਲਈ ਨਗਰ ਨਿਗਮ ਨੇ ਨਵੀਂ ਸਕਾਈਲਿਫਟ ਮਸ਼ੀਨ ਦੀ ਖਰੀਦ ਕੀਤੀ ਹੈ, ਜੋ ਕਿਸੇ ਵੀ ਉਚਾਈ ਤੱਕ ਲੱਗੀਆਂ ਸਟ੍ਰੀਟ ਲਾਈਟਾਂ ਨੂੰ ਆਸਾਨੀ ਨਾਲ ਠੀਕ ਕਰ ਸਕੇਗੀ।
ਉਨ੍ਹਾਂ ਕਿਹਾ ਕਿ ਇਹ ਮਸ਼ੀਨ ਸਿਰਫ ਸਟ੍ਰੀਟ ਲਾਈਟਾਂ ਲਈ ਹੀ ਨਹੀਂ, ਸਗੋਂ ਹੋਰ ਜਨਹਿੱਤ ਦੇ ਕੰਮਾਂ ਜਿਵੇਂ ਹੋਰ ਉਚਾਈ ਵਾਲੇ ਸਥਾਨਾਂ ‘ਤੇ ਮੁਰੰਮਤ ਕਾਰਜ ਕਰਨ ਲਈ ਵੀ ਵਰਤੀ ਜਾਵੇਗੀ। ਇਸ ਨਾਲ ਨਗਰ ਨਿਗਮ ਦੇ ਕੰਮਾਂ ਵਿੱਚ ਤੇਜ਼ੀ ਆਵੇਗੀ ਅਤੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਹੋਰ ਜਲਦੀ ਕੀਤਾ ਜਾ ਸਕੇਗਾ।
ਮੇਅਰ ਗੋਗੀਆ ਨੇ ਜ਼ੋਰ ਦਿੰਦਿਆਂ ਕਿਹਾ, “ਸਾਡਾ ਲਕਸ਼ ਨਾਗਰਿਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਅਤੇ ਲੋਕ ਪੱਖੀ ਕੰਮਾਂ ਨੂੰ ਕਰਨ ਵਿੱਚ ਹਮੇਸ਼ਾ ਮੋਹਰੀ ਬਣੇ ਰਹਾਂਗੇ।” ਉਨ੍ਹਾਂ ਨੇ ਕਿਹਾ ਕਿ ਨਵੀਂ ਸਕਾਈਲਿਫਟ ਮਸ਼ੀਨ ਦੇ ਆਉਣ ਨਾਲ ਸ਼ਹਿਰ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਲਾਈਟਿੰਗ ਪ੍ਰਣਾਲੀ ਹੋਰ ਮਜ਼ਬੂਤ ਅਤੇ ਸੁਧਰੀ ਹੋਵੇਗੀ, ਜਿਸ ਨਾਲ ਸੁਰੱਖਿਆ ਅਤੇ ਸੁੰਦਰਤਾ ਦੋਵੇਂ ਵਧਣਗੇ।
ਉਨ੍ਹਾਂ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਲਾਈਟਾਂ ਜਾਂ ਹੋਰ ਸੁਵਿਧਾਵਾਂ ਸਬੰਧੀ ਸਮੱਸਿਆਵਾਂ ਦੀ ਜਾਣਕਾਰੀ ਤੁਰੰਤ ਨਗਰ ਨਿਗਮ ਨੂੰ ਦੇਣ, ਤਾਂ ਜੋ ਮੁਰੰਮਤ ਦੇ ਕੰਮ ਵਿੱਚ ਕੋਈ ਦੇਰੀ ਨਾ ਹੋਵੇ।