ਹੁਸ਼ਿਆਰਪੁਰ : ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਨੂੰ ਵਾਪਿਸ ਲੈਣਾ ਕਿਸਾਨ-ਮਜਦੂਰ ਜਥੇਬੰਦੀਆਂ ਤੇ ਪੰਜਾਬ ਦੇ ਲੋਕਾਂ ਦੀ ਵੱਡੀ ਜਿੱਤ ਹੈ, ਇਹ ਪ੍ਰਗਟਾਵਾ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸ਼ਹਿਰੀ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਕੀਤਾ ਗਿਆ ਅਤੇ ਕਿਹਾ ਗਿਆ ਕਿ ਇਸ ਨੀਤੀ ਖਿਲਾਫ ਅਕਾਲੀ ਦਲ ਵੱਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਲੜੀ ਗਈ ਲੜਾਈ ਨੇ ਸਾਬਿਤ ਕੀਤਾ ਹੈ ਕਿ ਪੰਜਾਬ ਵਿੱਚ ਜੇਕਰ ਜੁਲਮ ਦੇ ਖਿਲਾਫ ਕੋਈ ਧਿਰ ਆਵਾਜ ਚੁੱਕ ਸਕਦੀ ਹੈ ਤਾਂ ਉਹ ਅਕਾਲੀ ਦਲ ਹੀ ਹੈ। ਲਾਲੀ ਬਾਜਵਾ ਨੇ ਕਿਹਾ ਕਿ ਸੂਬੇ ਦੀ ਆਪ ਸਰਕਾਰ ਖਿਲਾਫ ਤਦ ਤੱਕ ਲੜਾਈ ਜਾਰੀ ਰਹੇਗੀ ਜਦੋਂ ਤੱਕ ਸਰਕਾਰ ਲੈਂਡ ਪੂਲਿੰਗ ਨੀਤੀ ਵਾਪਿਸ ਲੈਣ ਪ੍ਰਤੀ ਨੋਟੀਫਿਕੇਸ਼ਨ ਜਾਰੀ ਨਹੀਂ ਕਰ ਦਿੰਦੀ। ਉਨ੍ਹਾਂ ਕਿਹਾ ਕਿ ਇਸ ਨੀਤੀ ਤਹਿਤ ਪੰਜਾਬ ਦੀ ਜਰਖੇਜ ਜਮੀਨ ਨੂੰ ਲੁੱਟਣ ਦੀ ਅਸਫਲ ਕੋਸ਼ਿਸ਼ ਆਪ ਦੀ ਦਿੱਲੀ ਲੀਡਰਸ਼ਿਪ ਨੇ ਕੀਤੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਮਾਸ਼ਾ ਦੇਖਿਆ ਹੈ। ਲਾਲੀ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਭਵਿੱਖ ਪ੍ਰਤੀ ਵੀ ਸੁਚੇਤ ਰਹਿਣ ਦੀ ਜਰੂਰਤ ਹੈ ਕਿਉਂਕਿ ਆਪ ਦਾ ਦਿੱਲੀ ਵਾਲਾ ਟੋਲਾ ਭੁੱਖ ਦਾ ਮਾਰਿਆ ਹੋਇਆ ਹੈ ਜੋ ਕਿ ਆਉਣ ਵਾਲੇ ਸਮੇਂ ਦੌਰਾਨ ਲੈਂਡ ਪੂਲਿੰਗ ਵਰਗੀ ਕੋਈ ਹੋਰ ਨੀਤੀ ਲਿਆ ਕੇ ਪੰਜਾਬ ਨੂੰ ਲੁੱਟਣ ਦੀ ਸਾਜਿਸ਼ ਕਰਨ ਦੀ ਕੋਸ਼ਿਸ਼ ਜਰੂਰ ਕਰਨਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਦੀ ਤਰ੍ਹਾਂ ਕਿਸਾਨਾਂ-ਮਜ਼ਦੂਰਾਂ ਦੀ ਲੜਾਈ ਲੜਦਾ ਰਹੇਗਾ। ਇਸ ਮੌਕੇ ਇੰਜ.ਹਰਿੰਦਰਪਾਲ ਸਿੰਘ ਝਿੰਗੜ, ਨੰਬਰਦਾਰ ਬਚਿੱਤਰ ਸਿੰਘ ਰੰਧਾਵਾ ਬਰੋਟਾ, ਗੁਰਪ੍ਰੀਤ ਸਿੰਘ ਕੋਹਲੀ ਵੀ ਹਾਜਰ ਸਨ।