ਡੀ. ਸੀ ਅਤੇ ਐਸ.ਐਸ.ਪੀ ਨੇ ਪ੍ਰਬੰਧਾਂ ਦਾ ਨਿਰੀਖਣ ਕੀਤਾ, ਜੋਸ਼ ਭਰਪੂਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੋਣਗੇ ਮੁੱਖ ਮਹਿਮਾਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਦੇਸ਼ ਭਗਤੀ ਦੇ ਜੋਸ਼ ਨਾਲ, ਸੈਂਕੜੇ ਵਿਦਿਆਰਥੀਆਂ ਨੇ ਅੱਜ ਸ਼ਹੀਦ ਮੇਜਰ (ਸ਼ੌਰਿਆ ਚੱਕਰ) ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ ਗਰਾਊਂਡ, ਫੇਜ਼ 6, ਮੋਹਾਲੀ ਵਿਖੇ 79ਵੇਂ ਆਜ਼ਾਦੀ ਦਿਵਸ ਸਮਾਰੋਹ ਲਈ ਫੁੱਲ ਡਰੈੱਸ ਰਿਹਰਸਲ ਦੌਰਾਨ ਦੇਸ਼ ਭਗਤੀ ਦੇ ਰੰਗ ਚ ਰੰਗੀਆਂ ਸੱਭਿਆਚਾਰਕ ਵੰਨਗੀਆਂ ਦਾ ਪ੍ਰਦਰਸ਼ਨ ਕੀਤਾ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸ.ਐਸ.ਪੀ ਹਰਮਨਦੀਪ ਸਿੰਘ ਹਾਂਸ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ, ਪਰੇਡ ਅਤੇ ਮਾਰਚ ਪਾਸਟ ਦਾ ਨਿਰੀਖਣ ਕੀਤਾ ਅਤੇ ਹੋਰ ਸੁਧਾਰ ਕਰਨ ਲਈ ਸੁਝਾਅ ਦਿੱਤੇ।
ਪਰੇਡ ਕਮਾਂਡਰ ਡੀ.ਐਸ.ਪੀ ਜਤਿੰਦਰ ਸਿੰਘ ਚੌਹਾਨ ਦੀ ਅਗਵਾਈ ਵਾਲੀ ਪਰੇਡ ਵਿੱਚ ਪੰਜਾਬ ਪੁਲਿਸ (ਪੁਰਸ਼ ਅਤੇ ਮਹਿਲਾ ਵਿੰਗ), ਐਨ.ਸੀ.ਸੀ ਕੈਡਿਟਾਂ ਅਤੇ ਸਕੂਲ ਬੈਂਡਾਂ ਦੀਆਂ ਟੁਕੜੀਆਂ ਸ਼ਾਮਲ ਸਨ। ਮਾਰਚ ਪਾਸਟ ਟੁਕੜੀਆਂ ਵਿੱਚ ਸਰਕਾਰੀ ਕਾਲਜ, ਫੇਜ਼ 6, ਮੋਹਾਲੀ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਕੁਰਾਲੀ, ਲਕਸ਼ਮੀ ਤਾਰਾ ਰਾਠੌਰ ਪਬਲਿਕ ਸਕੂਲ, ਸਿਆਲਬਾ ਮਾਜਰੀ ਅਤੇ ਮਾਤਾ ਸਾਹਿਬ ਕੌਰ ਪਬਲਿਕ ਸਕੂਲ, ਸਵਾੜਾ ਦੇ ਐਨ.ਸੀ.ਸੀ ਕੈਡਿਟ ਸ਼ਾਮਲ ਸਨ। ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਸੋਹਾਣਾ ਅਤੇ ਸਕੂਲ ਆਫ਼ ਐਮੀਨੈਂਸ, ਫੇਜ਼ 3ਬੀ1, ਮੋਹਾਲੀ ਦੇ ਸਕੂਲ ਬੈਂਡਾਂ ਨੇ ਇੱਕ ਰਸਮੀ ਅਹਿਸਾਸ ਜੋੜਿਆ।
ਸੱਭਿਆਚਾਰਕ ਪ੍ਰੋਗਰਾਮ ਵਿੱਚ ਜੀ.ਡੀ. ਗੋਇਨਕਾ ਪਬਲਿਕ ਸਕੂਲ, ਮੋਹਾਲੀ, ਸਤਲੁਜ ਵਰਲਡ ਪਬਲਿਕ ਸਕੂਲ, ਸੁੰਡਰਾਂ, ਸੇਂਟ ਸਟੀਫਨ ਸਕੂਲ, ਤੋਗਾਂ, ਨਿਊ ਚੰਡੀਗੜ੍ਹ, ਪੈਰਾਗਾਨ ਸਕੂਲ, ਮੋਹਾਲੀ, ਸ਼ਿਵਾਲਿਕ ਪਬਲਿਕ ਸਕੂਲ, ਫੇਜ਼ 6, ਮੋਹਾਲੀ ਅਤੇ ਦ ਮਿਲੇਨੀਅਮ ਸਕੂਲ, ਮੋਹਾਲੀ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਯੁੱਧ ਨਸ਼ਿਆ ਵਿਰੁੱਧ, ਪਰਾਲੀ ਸਾੜਨ ਲਈ ਰੋਕਥਾਮ ਉਪਾਅ, ਵੇਰਕਾ ਡੇਅਰੀ ਉਤਪਾਦ, ਈਜ਼ੀ ਰਜਿਸਟਰੀ, ਸੀ.ਐਮ ਦੀ ਯੋਗਸ਼ਾਲਾ, ਸਵੱਛਤਾ ਮੁਹਿੰਮ, ਮੁਫਤ ਕਾਨੂੰਨੀ ਸਹਾਇਤਾ ਅਤੇ ਸਾਈਬਰ ਸੁਰੱਖਿਆ ਸਮੇਤ ਵੱਖ-ਵੱਖ ਵਿਸ਼ਿਆਂ 'ਤੇ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ।
ਇੱਕ ਵਿਲੱਖਣ ਪਹਿਲਕਦਮੀ ਵਿੱਚ, ਸਰਕਾਰੀ ਪ੍ਰਾਇਮਰੀ ਸਕੂਲ, 3 ਬੀ1 ਦੇ ਬੱਚਿਆਂ ਨੇ ਫੁੱਲ ਡਰੈੱਸ ਰਿਹਰਸਲ ਦੀ ਸੰਪੂਰਨਤਾ ਮੌਕੇ ਰਾਸ਼ਟਰੀ ਗੀਤ ਦਾ ਗਾਇਨ ਕੀਤਾ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ 15 ਅਗਸਤ ਨੂੰ ਤਿਰੰਗਾ ਲਹਿਰਾਉਣਗੇ।
ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਨੂੰ ਸਮਾਗਮ ਨੂੰ ਪ੍ਰਭਾਵਸ਼ਾਲੀ ਅਤੇ ਯਾਦਗਾਰੀ ਬਣਾਉਣ ਲਈ ਖਾਸ ਡਿਊਟੀਆਂ ਸੌਂਪੀਆਂ ਗਈਆਂ ਹਨ।
ਇਸ ਮੌਕੇ ਪ੍ਰਮੁੱਖ ਅਧਿਕਾਰੀਆਂ ਵਿੱਚ ਏ.ਡੀ.ਸੀ. ਗੀਤਿਕਾ ਸਿੰਘ, ਸੋਨਮ ਚੌਧਰੀ, ਅਨਮੋਲ ਸਿੰਘ ਧਾਲੀਵਾਲ; ਏ.ਸੀ.ਏ ਗਮਾਡਾ ਹਰਬੰਸ ਸਿੰਘ; ਐਸ.ਡੀ.ਐਮ ਦਮਨਦੀਪ ਕੌਰ; ਏ.ਸੀ (ਜ) ਡਾ: ਅੰਕਿਤਾ ਕਾਂਸਲ; ਐਸ.ਪੀ (ਹੈਡਕੁਆਰਟਰ) ਰਮਨਦੀਪ ਸਿੰਘ, ਐਸ.ਪੀ (ਪੀ.ਬੀ.ਆਈ) ਦੀਪਿਕਾ ਸਿੰਘ; ਡੀ.ਡੀ.ਪੀ.ਓ ਪਰਮਵੀਰ ਕੌਰ; ਅਤੇ ਪ੍ਰਿੰਸੀਪਲ ਡਾ: ਗੁਰਿੰਦਰਜੀਤ ਕੌਰ ਹਾਜ਼ਰ ਸਨ।