ਪਟਿਆਲਾ : ਸਮਾਜਿਕ ਵਿਕਾਸ ਅਤੇ ਯੁਵਾ ਸਸ਼ਕਤੀਕਰਨ ਵੱਲ ਵਧਦਿਆਂ ਉਮੰਗ ਸੰਸਥਾਂ ਵਲੋਂ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ ਦੀ ਅਗਵਾਈ ਵਿੱਚ ਗੋਲਡਨ ਏਰਾ ਸਕੂਲ ਵਿਖੇ ਕਰੀਅਰ ਕੌਂਸਲਿੰਗ ਸਬੰਧੀ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦਾ ਮਕਸਦ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਸਹੀ ਕਰੀਅਰ ਚੋਣ ਕਰਨ ਲਈ ਜਾਗਰੂਕ ਕਰਨਾ ਅਤੇ ਵੱਖ-ਵੱਖ ਖੇਤਰਾਂ ਵਿੱਚ ਮੌਜੂਦ ਮੌਕਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਨੀ ਸੀ। ਇਸ ਮੌਕੇ ਉਨ੍ਹਾਂ ਨਾਲ ਉਮੰਗ ਸੰਸਥਾਂ ਤੋਂ ਪਰਮਜੀਤ ਸਿੰਘ, ਰਜਿੰਦਰ ਲੱਕੀ, ਵਿਮਲ ਸ਼ਰਮਾ, ਕਮਲਪ੍ਰੀਤ ਸਿੰਘ, ਅਨਿਰੁੱਧ ਸ਼ਰਮਾ ਅਤੇ ਸਕੂਲ ਦੇ ਮੁਖੀ ਵਿਕਾਸ ਸੇਠ, ਪ੍ਰਿੰਸੀਪਲ ਸੁਮੀਰਾ ਸ਼ਰਮਾ ਤੋਂ ਇਲਾਵਾ ਸਕੂਲ ਸਟਾਫ ਵੀ ਮੌਜੂਦ ਰਿਹਾ।
ਸੈਮੀਨਾਰ ਦੀ ਸ਼ੁਰੂਆਤ ਸੰਸਥਾ ਦੇ ਲੀਗਲ ਐਡਵਾਈਜ਼ਰ ਯੋਗੇਸ਼ ਪਾਠਕ ਨੇ ਕੀਤੀ। ਉਨ੍ਹਾਂ ਦੱਸਿਆ ਕਿ ਸਹੀ ਕਰੀਅਰ ਚੋਣ ਲਈ ਆਪਣੀਆਂ ਰੁਚੀਆਂ, ਯੋਗਤਾਵਾਂ ਅਤੇ ਮੌਕਿਆਂ ਦੀ ਪਹਚਾਣ ਕਰਨਾ ਕਿੰਨਾ ਜ਼ਰੂਰੀ ਹੈ। ਉਨ੍ਹਾਂ ਨੇ ਇੰਜੀਨੀਅਰਿੰਗ, ਡਾਕਟਰੀ, ਪ੍ਰਸ਼ਾਸਨਿਕ ਸੇਵਾਵਾਂ, ਖੇਡਾਂ, ਕਲਾ ਅਤੇ ਨਵੇਂ ਉਭਰਦੇ ਖੇਤਰਾਂ ਜਿਵੇਂ ਕਿ ਡਿਜ਼ੀਟਲ ਮਾਰਕੀਟਿੰਗ ਅਤੇ ਆਰਟੀਫੀਸ਼ਲ ਇੰਟੈਲੀਜੈਂਸ ਵਿੱਚ ਸੰਭਾਵਨਾਵਾਂ ਬਾਰੇ ਵੀ ਚਰਚਾ ਕੀਤੀ।
ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੇ ਨਾਲ-ਨਾਲ ਸਾਫਟ ਸਕਿਲਜ਼, ਸੰਚਾਰ ਕਲਾ ਅਤੇ ਲੀਡਰਸ਼ਿਪ ਖੂਬੀਆਂ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਆਪਣੇ ਪ੍ਰਸ਼ਨ ਪੁੱਛੇ, ਜਿਨ੍ਹਾਂ ਦਾ ਵਿਸਥਾਰ ਨਾਲ ਜਵਾਬ ਦਿੱਤਾ ਗਿਆ।
ਅੰਤ ਵਿੱਚ, ਸਕੂਲ ਪ੍ਰਬੰਧਕਾ ਨੇ ਉਮੰਗ ਸੰਸਥਾਂ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਦੇ ਭਵਿੱਖ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਉਮੀਦ ਜਤਾਈ ਕਿ ਵਿਦਿਆਰਥੀ ਪ੍ਰਾਪਤ ਗਿਆਨ ਨੂੰ ਆਪਣੀ ਕਰੀਅਰ ਯਾਤਰਾ ਵਿੱਚ ਲਾਗੂ ਕਰਨਗੇ।