ਮੋਹਾਲੀ : ਜਿ਼ਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਪੂਰੇ ਦੋ ਮਹੀਨਿਆਂ ਲਈ ਜਿ਼ਲ੍ਹੇ ਦੇ ਵੱਖ—ਵੱਖ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਜਾ ਕੇ ਐਚ.ਆਈ.ਵੀ. ਦੀ ਲਾਗ ਵਿਰੁਧ ਹੋਕਾ ਦੇਣਗੀਆਂ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ—ਨਿਰਦੇਸ਼ਾਂ ਹੇਠ ਐਚ.ਆਈ.ਵੀ. ਸਬੰਧੀ ਜਿ਼ਲ੍ਹਾ ਪੱਧਰੀ ਤੀਬਰ ਜਾਗਰੂਕਤਾ ਮੁਹਿੰਮ ਅੱਜ ਜਿ਼ਲ੍ਹਾ ਹਸਪਤਾਲ ਮੋਹਾਲੀ ਤੋਂ ਸ਼ੁਰੂ ਕੀਤੀ ਗਈ ਹੈ, ਜੋ 12 ਅਗੱਸਤ ਤੋਂ 12 ਅਕਤੂਬਰ ਤਕ ਚੱਲੇਗੀ।ਮੁਹਿੰਮ ਦੌਰਾਨ ਏ.ਆਰ.ਟੀ. ਸੈਂਟਰ ਦੀਆਂ ਟੀਮਾਂ ਵੱਖ ਵੱਖ ਥਾਈਂ ਕੈਂਪ ਲਗਾਉਣਗੀਆਂ ਅਤੇ ਲੋਕਾਂ ਨੂੰ ਐਚ.ਆਈ.ਵੀ. ਤੇ ਏਡਜ਼ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਜਾਣਕਾਰੀ ਦੇਣਗੀਆਂ। ਉਨ੍ਹਾਂ ਦਸਿਆ ਕਿ ਐਚ.ਆਈ.ਵੀ. ਅਜਿਹਾ ਵਾਇਰਸ ਹੈ ਜੋ ਸਰੀਰ ਦੀਆਂ ਉਨ੍ਹਾਂ ਕੋਸਿ਼ਕਾਵਾਂ ਉਤੇ ਹਮਲਾ ਕਰਦਾ ਹੈ ਜੋ ਲਾਗ ਜਾਂ ਇਨਫ਼ੈਕਸ਼ਨ ਨਾਲ ਲੜਨ ਵਿਚ ਮਦਦ ਕਰਦੀਆਂ ਹਨ।ਇਹ ਵਾਇਰਸ ਅੱਗੇ ਚੱਲ ਕੇ ਏਡਜ਼ ਦਾ ਕਾਰਨ ਬਣਦਾ ਹੈ।ਏਡਜ਼ ਲਾਇਲਾਜ ਬੀਮਾਰੀ ਹੈ, ਜਿਸ ਤੋਂ ਬਚਣ ਦਾ ਇਕੋ ਇਕ ਤਰੀਕਾ ਉਸ ਬਾਰੇ ਜਾਗਰੂਕਤਾ ਹੈ। ਉਨ੍ਹਾਂ ਦਸਿਆ ਕਿ ਐਚ।ਆਈ।ਵੀ। ਦੇ ਸ਼ੁਰੂਆਤੀ ਲੱਛਣਾਂ ਵਿਚ ਬੁਖ਼ਾਰ, ਥਕਾਵਟ, ਮਾਸਪੇਸ਼ੀਆਂ ਵਿਚ ਖਿਚਾਅ, ਜੋੜਾਂ ਵਿਚ ਦਰਦ, ਸਿਰਦਰਦ, ਜ਼ੁਕਾਮ, ਸੁੱਕੀ ਖੰਘ, ਚਿਹਰੇ ’ਤੇ ਨਿਸ਼ਾਨ ਆਦਿ ਸ਼ਾਮਲ ਹਨ। ਐਚ.ਆਈ.ਵੀ. ਤੋਂ ਬਚਾਅ ਲਈ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਜਿਵੇਂ ਕਿਸੇ ਦੂਜੇ ਦੀ ਵਰਤੀ ਹੋਈ ਸਰਿੰਜ ਜਾਂ ਇੰਜੈਕਸ਼ਨ ਦੀ ਵਰਤੋਂ ਨਾ ਕਰੋ।ਜਿਸਮਾਨੀ ਸਬੰਧ ਬਣਾਉਂਦੇ ਸਮੇਂ ਕੰਡੋਮ ਦੀ ਵਰਤੋਂ ਕਰੋ ਜਾਂ ਅਸੁਰੱਖਿਅਤ ਜਿਸਮਾਨੀ ਸਬੰਧਾਂ ਤੋਂ ਬਚੋ।ਜੇ ਕੋਈ ਗਰਭਵਤੀ ਔਰਤ ਐਚ.ਆਈ.ਵੀ. ਪੀੜਤ ਹੈ ਤਾਂ ਬੱਚੇ ਨੂੰ ਲਾਗ ਤੋਂ ਬਚਾਉਣ ਲਈ ਉਸ ਦਾ ਇਲਾਜ ਕੀਤਾ ਜਾਣਾ ਚਾਹੀਦਾ ਹੈ।ਡਾ. ਜੈਨ ਨੇ ਦਸਿਆ ਕਿ ਮੈਡੀਕਲ ਟੈਸਟ ਰਾਹੀਂ ਐਚ.ਆਈ.ਵੀ. ਲਾਗ ਦਾ ਪਤਾ ਲੱਗ ਜਾਂਦਾ ਹੈ ਅਤੇ ਇਹ ਟੈਸਟ ਸਾਰੇ ਸਰਕਾਰੀ ਹਸਪਤਾਲਾਂ ਵਿਚ ਬਿਲਕੁਲ ਮੁਫ਼ਤ ਹੈ।ਇਸ ਮੌਕੇ ਐਸ.ਐਮ.ਓ. ਡਾ. ਪਰਮਿੰਦਰਜੀਤ ਸਿੰਘ, ਡਾ. ਰਾਧੇ ਅਤੇ ਕੌਂਸਲਰ ਅਰਵਿੰਦਰ ਭਾਟੀਆ ਮੌਜੂਦ ਸਨ।