ਹੁਸ਼ਿਆਰਪੁਰ : ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਨੇ ਵਿਸ਼ੇਸ਼ ਮੁਲਾਕਾਤ ਸਮੇਂ ਕਿਹਾ ਕਿ ਆਦਿ ਧਰਮ ਮਿਸ਼ਨ ਗੁਰੂਆਂ, ਰਹਿਬਰਾਂ, ਵਿਦਵਾਨਾਂ ਵਲੋ ਸਮਾਜਿਕ ਤੇ ਰਾਜਨੀਤਕ ਪਰਿਵਰਤਨ ਲਈ ਆਰੰਭ ਕੀਤਾ ਕ੍ਰਾਂਤੀਕਾਰੀ ਅੰਦੋਲਨ ਹੈ ਜਿਸਦੀ ਚਰਚਾ ਵਿਸ਼ਵਭਰ ਵਿਚ ਹੋ ਰਹੀ ਹੈ।
ਉਨਾਂ ਕਿਹਾ ਸਤਿਗੁਰੂ ਰਵਿਦਾਸ ਜੀ ਮਹਾਰਾਜ, ਭਗਵਾਨ ਸ੍ਰੀ ਬਾਲਮੀਕ ਜੀ ਅਤੇ 19ਵੀਂ ਸਦੀ ਦੇ ਕ੍ਰਾਂਤੀਕਾਰੀ ਵਿਦਵਾਨ ਰਹਿਬਰ ਬਾਬੂ ਮੰਗੂ ਰਾਮ ਮੁਗੋਵਾਲੀਆ , ਮਹਾਤਮਾ ਜੋਤੀ ਰਾਓ ਫੂਲੇ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ, ਬਾਬੂ ਕਾਂਸ਼ੀ ਰਾਮ ਨੇ ਸਦੀਆਂ ਤੋਂ ਲਤਾੜੇ ਜਾ ਰਹੇ ਗਰੀਬਾਂ ,ਆਦਿ ਵਾਸੀਆਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਇਕਜੁੱਟ ਕੀਤਾ ਅਤੇ ਮਜਬੂਤ ਸਮਾਜਿਕ , ਰਾਜਨੀਤਕ ਪਲੇਟਫਾਰਮ ਪ੍ਰਦਾਨ ਕੀਤਾ। ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੇ ਬੇਗਮਪੁਰਾ ਸ਼ਹਿਰ (ਭੇਦਭਾਵ ਰਹਿਤ ਨਗਰ) ਦੇ ਸੁਪਨੇ ਨੂੰ ਸਾਕਾਰ ਕਰਨ ਲਈ ਵੱਡੀ ਜਦੋਜਹਿਦ ਕੀਤੀ ਅਤੇ ਸਦੀਆਂ ਦੇ ਹਨ੍ਹੇਰੇ ਨੂੰ ਮਿਟਾਉਣ ਵਾਲਾ ਸੰਵਿਧਾਨਕ ਦੀਵਾ ਬਾਬਾ ਸਾਹਿਬ ਡਾ. ਅੰਬੇਡਕਰ ਨੇ ਲਿਖਕੇ ਕਰੋੜਾਂ ਲੋਕਾਂ ਦੇ ਜੀਵਨ ਵਿਚ ਉਜਾਲਾ ਕਰ ਦਿੱਤਾ।
ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਜੀ ਨੇ ਉੱਚ-ਨੀਵ, ਜਾਤ-ਪਾਤ ਦੇ ਬੰਧਨਾਂ ਨੂੰ ਤੋੜਕੇ ਇਨਸਾਨੀਅਤ ਦਾ ਮੰਤਰ ਦਿੱਤਾ ਜਿਸ ਰਾਹੀਂ ਉਨਾਂ
"ਐਸਾ ਚਾਹੂੰ ਰਾਜ ਮੈ, ਜਹਾਂ ਮਿਲੈ ਸਭਨ ਕੋ ਅੰਨ।
ਛੋਟ ਬੜੇ ਸਭ ਸਮ ਬਸੈ, ਰਵਿਦਾਸ ਰਹੈ ਪ੍ਰਸੰਨ॥" ਐਸੇ ਰਾਜਭਾਗ ਦੀ ਕਾਮਨਾ ਕੀਤੀ ਜਿਥੇ ਹਰ ਕਿਸੇ ਨੂੰ ਖਾਣ ਲਈ ਰੋਟੀ, ਪਹਿਨਣ ਲਈ ਕੱਪੜਾ, ਰਹਿਣ ਲਈ ਘਰ ਹੋਵੇ। ਉਹਨਾਂ ਦਾ ਸੁਪਨਾ ਸੀ ਇੱਕ ਐਸਾ ਸਮਾਜ ਜਿੱਥੇ ਸਭਨੂੰ ਸਮਾਨ ਮੌਕੇ ਮਿਲਣ, ਜਿੱਥੇ ਕਿਸੇ ਨੂੰ ਹੇਠਾਂ ਧੱਕ ਕੇ ਕੋਈ ਉੱਪਰ ਨਾ ਚੜ੍ਹੇ। ਭਿੰਨ ਭੇਦ, ਜਾਤ ਪਾਤ, ਨਸਲ ਦਾ ਵਿਤਕਰਾ ਨਾ ਹੋਵੇ , ਸਭਨੂੰ ਜੀਵਨ ਬਸਰ ਕਰਨ ਦੇ ਸਮਾਨੰਤਰ , ਬਰਾਬਰ ਮੌਕੇ ਮਿਲਣ। ਸਤਿਗੁਰੂ ਰਵਿਦਾਸ ਜੀ ਦੇ ਇਸ ਮਨੁੱਖਤਾ ਦੇ ਲਈ ਚਲਾਏ ਅੰਦੋਲਨ ਨੂੰ ਆਦਿ ਧਰਮ ਦੇ ਰਹਿਬਰਾਂ ਬਾਬੂ ਮੰਗੂ ਰਾਮ ਮੁਗੋਵਾਲੀਆ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ, ਬਾਬੂ ਕਾਂਸ਼ੀ ਰਾਮ ਨੇ ਜੀਵਨ ਭਰ ਦੇ ਤਿਆਗ ਅਤੇ ਸੰਘਰਸ਼ ਰਾਹੀਂ ਅੱਗੇ ਤੋਰਿਆ। ਉਨਾਂ ਕਿਹਾ ਆਦਿ ਧਰਮ ਲਹਿਰ ਨੇ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਪਰਿਵਰਤਨ ਦੇ ਅੰਦੋਲਨ ਨੂੰ ਸਿਖਰਾਂ ਤੱਕ ਪਹੁੰਚਾਇਆ ਅਤੇ ਇੰਨਸਾਫ ਦੀ ਨੀਂਹ ਮਜਬੂਤ ਕੀਤੀ।
ਉਨਾਂ ਕਿਹਾ ਸਤਿਗੁਰੂ ਰਵਿਦਾਸ ਜੀ ਦਾ ਬੇਗਮਪੁਰਾ ਦਾ ਸੁਪਨਾ ਤਦ ਹੀ ਸਾਕਾਰ ਹੋਵੇਗਾ ਜਦ ਅਸੀਂ "ਪੜ੍ਹੋ ਜੁੜੋ ਤੇ ਸੰਘਰਸ਼ ਕਰੋ" ਦੇ ਮਿਸ਼ਨ ਤੇ ਚਲਕੇ
ਸਿੱਖਿਅਤ, ਗਿਆਨਵਾਨ ਅਤੇ ਜਾਗਰੂਕਤਾ ਹੋਵਾਂਗੇ। ਸੰਤ ਹੀਰਾ ਨੇ ਸਮੂਹ ਦੇਸ਼ ਵਿਦੇਸ਼ ਅੰਦਰ ਵਸਦੇ ਆਦਿ ਧਰਮੀਆਂ, ਬਹੁਜਨਾਂ ਨੂੰ ਅਪੀਲ ਕੀਤੀ ਕਿ ਆਓ, ਅਸੀਂ ਸਾਰੇ ਮਿਲ ਕੇ ਇਸ ਕ੍ਰਾਂਤੀਕਾਰੀ ਅੰਦੋਲਨ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ। ਇਹੀ ਸੱਚਾ ਸਤਿਸੰਗ ਹੈ, ਇਹੀ ਅੱਜ ਦਾ ਧਰਮ ਯੁੱਧ ਹੈ।