ਸੁਨਾਮ : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਆਖਿਆ ਕਿ ਅਮਰੀਕਾ ਦੀਆਂ ਭਾਰਤ ਵਿਰੋਧੀ ਨੀਤੀਆਂ ਦੇ ਖਿਲਾਫ ਰੋਸ ਪ੍ਰਗਟ ਕਰਨ ਲਈ ਜਥੇਬੰਦੀ 13 ਅਗਸਤ ਨੂੰ ਟਰੰਪ ਅਤੇ ਮੋਦੀ ਦੇ ਪੁਤਲੇ ਤਹਿਸੀਲ ਪੱਧਰ ਤੇ ਫੂਕਣਗੇ। ਉਨ੍ਹਾਂ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਲਿਆਂਦੀ ਲੈਂਡ ਪੂਲਿੰਗ ਨੀਤੀ ਨੂੰ ਪੰਜਾਬ ਅੰਦਰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਐਤਵਾਰ ਨੂੰ ਸੁਨਾਮ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਬਿੰਦਰ ਪਾਲ ਛਾਜਲੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕਿ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਕਿਸਾਨ ਮਾਰੂ ਨੀਤੀਆਂ ਲਾਗੂ ਕਰ ਰਹੀ ਹੈ। ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ ਲਈ ਕੋਝੇ ਹੱਥਕੰਡੇ ਅਪਨਾਏ ਜਾ ਰਹੇ ਹਨ। ਕਿਸਾਨਾਂ ਵੱਲੋਂ ਆਪਣੇ ਪਰਿਵਾਰਾਂ ਦਾ ਢਿੱਡ ਭਰਨ ਲਈ ਖੇਤੀ ਕਿੱਤੇ ਦੇ ਨਾਲ ਅਪਣਾਏ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਖਤਮ ਕੀਤਾ ਜਾ ਰਿਹਾ ਹੈ। ਦੁੱਧ, ਸਬਜ਼ੀਆਂ ਦੇ ਭਾਅ ਵਾਜਿਬ ਨਹੀਂ ਮਿਲ ਰਹੇ, ਕਿਸਾਨਾਂ ਦੀ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ।ਜਥੇਬੰਦੀ ਦੇ ਬਲਾਕ ਪ੍ਰਧਾਨ ਬਿੰਦਰ ਪਾਲ ਛਾਜਲੀ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ 24 ਅਗਸਤ ਨੂੰ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਸਮਰਾਲਾ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਕਿਸਾਨ ਸ਼ਮੂਲੀਅਤ ਕਰਨਗੇ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲੱਖਾ ਸਿੰਘ ਵਾਲੀਆ, ਜਨਰਲ ਸਕੱਤਰ ਸਤਨਾਮ ਸਿੰਘ ਮਾਨ, ਨਾਜ਼ਮ ਸਿੰਘ ਪੁੰਨਾਵਾਲ , ਖਜਾਨਚੀ ਹਰਬੰਸ ਸਿੰਘ, ਦਾਰਾ ਸਿੰਘ ,ਪ੍ਰਗਟ ਸਿੰਘ, ਭੋਲਾ ਸਿੰਘ, ਕਾਲਾ ਢਿੱਲੋਂ ,ਹਰਪਾਲ ਸਿੰਘ ਗਾਗਾ, ਜਰਨੈਲ ਸਿੰਘ, ਧਿਆਨ ਸਿੰਘ, ਗੁਰਜੀਤ ਸਿੰਘ ,ਜਰਨੈਲ ਸਿੰਘ ਮੰਡੇਰ ਕਲਾ , ਮਹਿੰਦਰ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।