ਪਟਿਆਲਾ : ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਜੱਗਾ ਮਾਲਵਾ ਈਸਟ ਜ਼ੋਨ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਪੰਜਾਬ ਵੱਲੋਂ ਪਿਛਲੇ ਕਈ ਦਿਨਾਂ ਤੋਂ 21 ਹਲਕਿਆਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਪੇਟ ਵਿੱਚ ਜਾਣ ਤੋਂ ਬਚਾਉਣਾ ਅਤੇ ਸਮਾਜ ਨੂੰ ਸਿਹਤਮੰਦ ਦਿਸ਼ਾ ਵੱਲ ਮੋੜਨਾ ਹੈ।
ਜਗਦੀਪ ਜੱਗਾ ਨੇ ਸਮਾਣਾ ਦੇ ਵੱਖ ਵੱਖ ਪਿੰਡਾਂ ਵਿੱਚ ਵੱਡੇ ਇਕੱਠ ਦੀਆਂ ਮੀਟਿੰਗਾ ਉਪਰੰਤ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੇ ਜੜ੍ਹਾਂ ਪੱਕੀਆਂ ਕਰ ਲਈਆਂ ਹਨ ਅਤੇ ਇਹ ਸਿਰਫ਼ ਨੌਜਵਾਨਾਂ ਹੀ ਨਹੀਂ, ਸਗੋਂ ਹਰ ਵਰਗ ਦੇ ਲੋਕਾਂ ਦੀ ਜ਼ਿੰਦਗੀ ਉੱਤੇ ਘਾਤਕ ਪ੍ਰਭਾਵ ਪਾ ਰਹੀ ਹੈ। ਇਸ ਲਈ, ਜ਼ਰੂਰੀ ਹੈ ਕਿ ਹਰ ਇੱਕ ਪੰਜਾਬੀ ਇਸ ਲੜਾਈ ਵਿੱਚ ਹਿੱਸਾ ਲਵੇ। ਉਨ੍ਹਾਂ ਕਿਹਾ ਕਿ“ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਸਰਕਾਰ ਜਾਂ ਪੁਲਿਸ ਦੀ ਨਹੀਂ, ਇਹ ਪੂਰੇ ਸਮਾਜ ਦੀ ਜ਼ਿੰਮੇਵਾਰੀ ਹੈ। ਜਦ ਤੱਕ ਅਸੀਂ ਸਭ ਮਿਲ ਕੇ ਡਟ ਕੇ ਖੜੇ ਨਹੀਂ ਹੋਵਾਂਗੇ, ਤਦ ਤੱਕ ਇਹ ਬੁਰਾਈ ਪੂਰੀ ਤਰ੍ਹਾਂ ਖਤਮ ਨਹੀਂ ਹੋ ਸਕਦੀ।”
ਮੁਹਿੰਮ ਦੇ ਤਹਿਤ, ਜਗਦੀਪ ਜੱਗਾ ਨੇ ਵੱਖ-ਵੱਖ ਪਿੰਡਾ ਵਿੱਚ ਗੱਲਬਾਤ ਸੈਸ਼ਨ ਅਤੇ ਜਨਤਕ ਮੀਟਿੰਗਾਂ ਦਾ ਆਯੋਜਨ ਕੀਤਾ ਹੈ। ਇਨ੍ਹਾਂ ਸਮਾਗਮਾਂ ਦੌਰਾਨ ਨੌਜਵਾਨਾਂ ਨੂੰ ਨਸ਼ਿਆਂ ਦੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਖੇਡਾਂ, ਸਿੱਖਿਆ ਅਤੇ ਰੋਜ਼ਗਾਰ ਵੱਲ ਪ੍ਰੇਰਿਤ ਕੀਤਾ ਜਾਂਦਾ ਹੈ। ਮੁਹਿੰਮ ਦੇ ਦੌਰਾਨ ਉਹ ਕਈ ਅਜਿਹੇ ਪਰਿਵਾਰਾਂ ਨਾਲ ਵੀ ਮਿਲੇ ਹਨ ਜਿਨ੍ਹਾਂ ਨੇ ਨਸ਼ਿਆਂ ਕਾਰਨ ਆਪਣੇ ਘਰ ਦੇ ਮੈਂਬਰ ਗੁਆਏ ਹਨ। ਇਹ ਕਹਾਣੀਆਂ ਬਹੁਤ ਦੁਖਦਾਈ ਹਨ ਪਰ ਇਨ੍ਹਾਂ ਤੋਂ ਸਿਖ ਕੇ ਸਮਾਜ ਨੂੰ ਜਾਗਰੂਕ ਕਰਨਾ ਲਾਜ਼ਮੀ ਹੈ।
ਉਨ੍ਹਾਂ ਨੇ ਅਪੀਲ ਕੀਤੀ ਕਿ ਪਿੰਡਾਂ ਦੇ ਨੌਜਵਾਨ ਵੱਧ ਤੋਂ ਵੱਧ ਖੇਡ ਮੈਦਾਨਾਂ ਵਿੱਚ ਸਮਾਂ ਬਿਤਾਉਣ, ਨਵੀਆਂ ਹੁਨਰਮੰਦੀਆਂ ਸਿੱਖਣ ਅਤੇ ਆਪਣੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਕੋਸ਼ਿਸ਼ ਕਰਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਸ ਲੜਾਈ ਵਿੱਚ ਹਰ ਸੰਭਵ ਸਹਿਯੋਗ ਦੇਵੇਗੀ ਅਤੇ ਨਸ਼ੇ ਦੇ ਸੌਦੇਬਾਜ਼ਾਂ ਵਿਰੁੱਧ ਕੜੀ ਕਾਰਵਾਈ ਦੀ ਮੰਗ ਕਰਦੀ ਰਹੇਗੀ।
ਅੰਤ ਵਿੱਚ, ਜਗਦੀਪ ਜੱਗਾ ਨੇ ਕਿਹਾ ਕਿ ਉਹ ਲੋਕਾਂ ਨਾਲ ਮਿਲ ਕੇ ਇੱਕ ਮਜ਼ਬੂਤ ਟੀਮ ਤਿਆਰ ਕਰਨਗੇ, ਜਿਸ ਵਿੱਚ ਪਿੰਡ ਕਮੇਟੀਆਂ, ਸਮਾਜ ਸੇਵੀ, ਖਿਡਾਰੀ ਅਤੇ ਸਿੱਖਿਆ ਸੰਸਥਾਵਾਂ ਸ਼ਾਮਲ ਹੋਣਗੀਆਂ, ਤਾਂ ਜੋ ਨਸ਼ਿਆਂ ਵਿਰੁੱਧ ਲੜਾਈ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤੀ ਨਾਲ ਲੜਿਆ ਜਾ ਸਕੇ।
ਇਸ ਮੌਕੇ ਬਲਕਾਰ ਸਿੰਘ ਗੱਜਣਮਾਜਰਾ ਚੇਅਰਮੈਨ ਮਾਰਕੀਟ ਕਮੇਟੀ ਸਮਾਣਾ, ਬੀਡੀਓ ਸੁਖਵਿੰਦਰ ਸਿੰਘ ਟਿਵਾਣਾ, ਐਸਐਚਓ ਅਮਨਪਾਲ ਵਿਰਕ, ਮੈਡਮ ਐਸਐਮਓ ਗਾਜੇਵਾਸ ਅਤੇ ਹੋਰ ਸਰਕਾਰੀ ਅਧਿਕਾਰੀਆ ਤੋ ਇਲਾਵਾ ਗੁਰਵਿੰਦਰ ਸਿੰਘ ਹੈਪੀ ਪਹਾੜੀਪੁਰ ਜਿਲਾ ਕੋਆਰਡੀਨੇਟਰ, ਬਲਜਿੰਦਰ ਸਿੰਘ ਸਰਾਓ ਜਿਲ੍ਹਾ ਵਾਈਸ ਕੋਆਰਡੀਨੇਟਰ, ਕੁਲਦੀਪ ਸਿੰਘ ਵਿਰਕ ਹਲਕਾ ਕੋਆਰਡੀਨੇਟਰ, ਰਾਮ ਸਿੰਘ ਤੇ ਜਸਵੀਰ ਸਿੰਘ ਹਲਕਾ ਵਾਈਸ ਕੋਆਰਡੀਨੇਟਰ ਅਤੇ ਹੋਰ ਟੀਮ ਮੈਂਬਰਾਂ ਦੇ ਨਾਲ ਨਾਲ ਪਿੰਡਾ ਦੇ ਸਰਪੰਚ, ਪੰਚ ਅਤੇ ਹੋਰ ਨੁਮਿਆਂਦੇ ਵੀ ਹਾਜਰ ਸਨ ।