ਸੁਨਾਮ : ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਵੱਲੋਂ ਸ਼ਹੀਦੇ-ਏ ਆਜ਼ਮ ਊਧਮ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸੱਭਿਆਚਾਰਕ ਮੇਲਾ 10 ਅਗਸਤ ਸ਼ਾਮ ਨੂੰ ਸੁਨਾਮ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ਹੀਦ ਊਧਮ ਯਾਦਗਾਰੀ ਕਮੇਟੀ ਅਤੇ ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹੀਦ ਊਧਮ ਸਿੰਘ ਦੀ ਯਾਦ ਨੂੰ ਸਮਰਪਿਤ ਸੱਭਿਆਚਾਰਕ ਮੇਲਾ ਸ਼ਹੀਦ ਊਧਮ ਸਿੰਘ ਪ੍ਰਾਇਮਰੀ ਸਕੂਲ ਕੁਟੀ ਵਾਲਾ ਨੇੜੇ ਸੀਤਾਸਰ ਧਾਮ ਵਿਖੇ ਸ਼ਾਮ 6 ਵਜੇ ਕਰਵਾਇਆ ਜਾ ਰਿਹਾ ਹੈ। ਨਾਮਵਰ ਪੰਜਾਬੀ ਗਾਇਕ ਆਰ ਨੇਤ ਅਤੇ ਕੌਰ ਬੀ ਸੱਭਿਆਚਾਰਕ ਗੀਤਾਂ ਰਾਹੀਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨਗੇ। ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਨੇ ਦੱਸਿਆ ਕਿ ਸੱਭਿਆਚਾਰਕ ਮੇਲੇ ਦੌਰਾਨ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਹਲਕੇ ਦੇ ਵਿਕਾਸ ਲਈ ਬੇਮਿਸਾਲ ਅਤੇ ਸਮਰਪਨ ਭਾਵਨਾ ਨਾਲ ਸ਼ਹੀਦ ਊਧਮ ਸਿੰਘ ਦੀ ਯਾਦ ਨਾਲ ਜੁੜੀਆਂ ਸੰਸਥਾਵਾਂ ਲਈ 85 ਕਰੋੜ ਰੁਪਏ ਮਨਜ਼ੂਰ ਕਰਵਾਉਣ, ਭਵਾਨੀਗੜ੍ਹ ਤੋਂ ਕੋਟਸ਼ਮੀਰ ਤੱਕ ਸੜਕ ਦਾ ਨਾਂਅ ਸ਼ਹੀਦ ਊਧਮ ਮਾਰਗ ਰੱਖਣ ਅਤੇ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਸੂਬਾ ਭਰ 'ਚ ਛੁੱਟੀ ਕਰਵਾਉਣ ਬਦਲੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਯਸ਼ਪਾਲ ਮੰਗਲਾ, ਨਰੇਸ਼ ਸ਼ਰਮਾ, ਜਸਵੀਰ ਸਿੰਘ ਚੀਮਾਂ ਪੈਰਾਮਾਊਂਟ, ਗੁਰਦੀਪ ਸਿੰਘ ਰੇਲਵੇ, ਪ੍ਰਭਸ਼ਰਨ ਸਿੰਘ ਬੱਬੂ ਸਾਬਕਾ ਕੌਂਸਲਰ, ਵਿਕਰਮ ਗਰਗ ਵਿੱਕੀ, ਅਮਰਿੰਦਰ ਸਿੰਘ ਮੋਨੀ ਨੰਬਰਦਾਰ, ਮਹਿਕਦੀਪ ਸਿੰਘ ਮਹਿਰੋਕ, ਹਰਿੰਦਰ ਸਿੰਘ, ਪਰਮਜੀਤ ਸਿੰਘ ਪੰਮਾ, ਦੇਸ ਰਾਜ, ਸਮੇਤ ਹੋਰ ਮੈਂਬਰ ਹਾਜ਼ਰ ਸਨ।