ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੀ ਸ੍ਰੀ ਗੁਰੂ ਤੇਗ ਬਹਾਦਰ ਰਾਸ਼ਟਰੀ ਏਕਤਾ ਚੇਅਰ ਵੱਲੋਂ 'ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਸਾਲ ਨੂੰ ਸਮਰਪਿਤ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। 'ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਪਰਿਪੇਖ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਮਹੱਤਵ' ਵਿਸ਼ੇ ਉੱਤੇ ਇਹ ਭਾਸ਼ਣ ਡਾ. ਅਮਰਜੀਤ ਸਿੰਘ, ਡਾਇਰੈਕਟਰ, ਸਿੱਖ ਸਟੱਡੀਜ਼ ਚੇਅਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਦਿੱਤਾ।
ਉਨ੍ਹਾਂ ਆਪਣੇ ਭਾਸ਼ਣ ਵਿੱਚ ਗੁਰੂ ਸਾਹਿਬ ਦੇ ਜੀਵਨ ਦੀਆਂ ਵੱਖ-ਵੱਖ ਘਟਨਾਵਾਂ ਅਤੇ ਉਨ੍ਹਾਂ ਦੀ ਵਿਚਾਰਧਾਰਾ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਕਿਵੇਂ ਮੌਜੂਦਾ ਹਾਲਾਤ ਵਿੱਚ ਵੀ ਗੁਰੂ ਸਾਹਿਬ ਦੀ ਵਿਚਾਰਧਾਰਾ ਮਨੁੱਖਤਾ ਲਈ ਬੁਨਿਆਦੀ ਅਧਿਕਾਰਾਂ ਦੀ ਰੱਖਿਆ ਦੇ ਹਵਾਲੇ ਨਾਲ਼ ਅਜੇ ਵੀ ਓਨੀ ਹੀ ਢੁਕਵੀਂ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਜਿਹੀ ਮਿਸਾਲ ਦੁਨੀਆਂ ਵਿੱਚ ਕਿਤੇ ਵੀ ਹੋਰ ਵੇਖਣ ਨੂੰ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਸੇਵਾ, ਸਿਮਰਨ, ਸੰਜਮ ਅਤੇ ਸਵੈਮਾਣ ਵਾਲ਼ੀ ਰੂਹਾਨੀ ਸ਼ਖ਼ਸੀਅਤ ਵੱਲੋਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਸੁਤੰਤਰਤਾ ਲਈ ਦਿੱਤੀ ਇਸ ਅਦੁੱਤੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਸਾਲ ਨੂੰ ਸਮਰਪਿਤ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣੇ ਹਨ ਜਿਸ ਵਿੱਚ ਲੈਕਚਰ, ਸੈਮੀਨਾਰ ਅਤੇ ਕਾਨਫਰੰਸਾਂ ਆਦਿ ਸ਼ਾਮਿਲ ਹੋਣਗੇ। ਉਨ੍ਹਾਂ ਨੇ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਉੱਤੇ ਚੱਲਣ ਦੀ ਲੋੜ ਉੱਤੇ ਜ਼ੋ਼ਰ ਦਿੱਤਾ।
ਸ੍ਰੀ ਗੁਰੂ ਤੇਗ ਬਹਾਦਰ ਰਾਸ਼ਟਰੀ ਏਕਤਾ ਚੇਅਰ ਦੇ ਮੁਖੀ ਡਾ. ਸੰਦੀਪ ਕੌਰ, ਸਵਾਗਤੀ ਭਾਸ਼ਣ ਦੌਰਾਨ ਚੇਅਰ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ।
ਸਿੱਖ ਵਿਸ਼ਵਕੋਸ਼ ਵਿਭਾਗ ਤੋਂ ਡਾ. ਪਰਮਵੀਰ ਸਿੰਘ ਨੇ ਰਸਮੀ ਰੂਪ ਵਿੱਚ ਧੰਨਵਾਦ ਕੀਤਾ। ਮੰਚ ਸੰਚਾਲਨ ਦਾ ਕਾਰਜ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੇ ਅਧਿਆਪਕ ਡਾ. ਦਲਜੀਤ ਸਿੰਘ ਨੇ ਕੀਤਾ।
ਇਸ ਸਮਾਗਮ ਵਿੱਚ 170 ਤੋਂ ਵੱਧ ਵਿਦਿਆਰਥੀਆਂ ਅਤੇ ਖੋਜਾਰਥੀਆ ਨੇ ਹਿੱਸਾ ਲਿਆ।